ਪੰਜਾਬ ਵਿਧਾਨ ਸਭਾ ਦੀ ਕਾਰਵਾਈ 29 ਸਤੰਬਰ ਤੱਕ ਲਈ ਹੋਈ ਮੁਲਤਵੀ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਪੰਜਾਬ ਸਰਕਾਰ ਨੇ 29 ਸਤੰਬਰ ਤੱਕ ਵਧਾ ਦਿੱਤਾ ਹੈ। ਭਾਰੀ ਹੰਗਾਮੇ ਦਰਮਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਗੀ ਮਤਾ ਪੇਸ਼ ਕੀਤਾ। ਇਸ ਮਗਰੋਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ 29 ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤੀ। 29 ਸਤੰਬਰ ਦੇ ਸੈਸ਼ਨ ਦੌਰਾਨ ਭਰੋਸਯਗੀ ਮਤੇ ਉਤੇ ਚਰਚਾ ਹੋਵੇਗੀ। ਇਸ ਤੋਂ ਪਹਿਲਾਂ ਸਵੇਰੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਵਿਛੜੀਆਂ ਉੱਘੀਆਂ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ, ਸਾਬਕਾ ਵਿਧਾਇਕ ਧਰਮਵੀਰ ਅਗਨੀਹੋਤਰੀ, ਪ੍ਰਗਤੀਸ਼ੀਲ ਕਿਸਾਨ ਜਗਜੀਤ ਸਿੰਘ ਹਾਰਾ, ਸਮਾਜ ਸੇਵੀ ਕਿਸ਼ਮ ਦੇਵ ਖੋਸਲਾ, ਅਵਤਾਰ ਸਿੰਘ ਹਿੱਤ ਪ੍ਰਧਾਨ ਪਟਨਾ ਸਾਹਿਬ ਮੈਨੇਜਮੈਂਟ ਬੋਰਡ ਅਤੇ ਪਾਣੀਆਂ ਦੇ ਰਾਖੇ ਵਜੋਂ ਜਾਣੇ ਜਾਂਦੇ ਪੀ.ਸੀ.ਐੱਸ. ਅਧਿਕਾਰੀ ਪ੍ਰੀਤਮ ਸਿੰਘ ਕੁੰਮੇਦਾਨ ਨੂੰ ਸਦਨ ਨੇ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿੱਤਾ। 12 ਵਜੇ ਦੁਬਾਰਾ ਕਾਰਵਾਈ ਸ਼ੁਰੂ ਕੀਤੀ ਗਈ ਪਰ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੁਬਾਰਾ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੀ ਮਿਆਦ 3 ਅਕਤੂਬਰ ਤੱਕ ਵਧਾ ਦਿੱਤੀ ਗਈ। ਇਸ ਦੇ ਨਾਲ ਹੀ ਸਦਨ ਦੇ ਬਾਹਰ ਭਾਜਪਾ ਦਾ ਜਨਤਾ ਦੀ ਵਿਧਾਨ ਸਭਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਬੀਏਸੀ ਦੀ ਰਿਪੋਰਟ ਦੇ ਵਿਰੋਧ ਵਿੱਚ ਭਾਜਪਾ ਦੇ ਦੋਵੇਂ ਮੈਂਬਰਾਂ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ। ਵਿਧਾਨ ਸਭਾ ਦੇ ਇਸ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਵਿਰੋਧੀ ਧਿਰ ਦੇ ਵਿਧਾਇਕ ਸਵਾਲ ਉਠਾ ਰਹੇ ਹਨ। ਇਹ ਵੀ ਪੜ੍ਹੋ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਮਾਰਗਾਂ 'ਤੇ ਸੀਵਰੇਜ ਦਾ ਪਾਣੀ ਭਰਿਆ, ਮੁਲਾਜ਼ਮਾਂ ਵੱਲੋਂ ਧਰਨਾ ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਵੱਲੋਂ ਹੰਗਾਮੇ ਕਰਨ ਉਤੇ ਮੁੜ ਸੈਸ਼ਨ ਦੀ ਕਾਰਵਾਈ 10 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਇਲਾਵਾ ਸਪੀਕਰ ਨੇ ਹੰਗਾਮਾ ਕਰਨ ਉਤੇ ਵਿਧਾਇਕਾਂ ਨੂੰ ਅੱਜ ਦੀ ਕਾਰਵਾਈ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਸਪੀਕਰ ਨੇ ਮਾਰਸ਼ਲਾਂ ਨੂੰ ਹੰਗਾਮਾ ਕਰ ਰਹੇ ਵਿਧਾਇਕਾਂ ਤੋਂ ਬਾਹਰ ਕੱਢਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਸਨ। ਵਿਰੋਧੀ ਧਿਰ ਨੇ ਸਿਫ਼ਰ ਕਾਲ ਦੀ ਕੀਤੀ ਮੰਗ। ਸੱਤਾ ਧਿਰ ਦਾ ਰੁਖ਼ ਹਮਲਾਵਰ ਹੈ। ਜ਼ਿਕਰਯੋਗ ਹੈ ਕਿ 28 ਸਤੰਬਰ ਦੀ ਛੁੱਟੀ ਹੋਵੇਗੀ ਇਸ ਲਈ ਇਸ ਦਿਨ ਸੈਸ਼ਨ ਨਹੀਂ ਹੋਵੇਗਾ। -PTC News