ਲੰਪੀ ਸਕਿੱਨ ਕਾਰਨ ਪਸ਼ੂ ਜਾ ਰਹੇ ਨੇ ਮੌਤ ਦੇ ਮੂੰਹ 'ਚ, ਡਾਕਟਰਾਂ ਦੀ ਘਾਟ ਕਾਰਨ ਲੋਕ ਨਿਰਾਸ਼
ਬਠਿੰਡਾ : ਪੰਜਾਬ ਅੰਦਰ ਲਗਾਤਾਰ ਪਸ਼ੂਆਂ ਵਿੱਚ ਫੈਲ ਰਹੀ ਲੰਪੀ ਸਕਿੱਨ ਨਾਂ ਦੀ ਬਿਮਾਰੀ ਨਾਲ ਪਸ਼ੂ ਮਰਨ ਕਾਰਨ ਪਸ਼ੂ ਪਾਲਕਾਂ ਦੀਆਂ ਚਿੰਤਾਵਾਂ ਵੱਧ ਰਹੀਆਂ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਭੁੱਚੋ ਖੁਰਦ ਵਿਖੇ ਇਕ ਗਰੀਬ ਪਰਿਵਾਰ ਦੀ ਗਾਂ ਦੀ ਲੰਪੀ ਸਕਿੱਨ ਨਾਂ ਦੀ ਬਿਮਾਰੀ ਨਾਲ ਮੌਤ ਹੋ ਗਈ, ਜਿਸ ਨੂੰ ਲੈ ਕੇ ਕਿਸਾਨਾਂ ਵਿਚ ਸਰਕਾਰ ਖ਼ਿਲਾਫ਼ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਭੁੱਚੋ ਖੁਰਦ ਦੇ ਪੀੜਤ ਗਰੀਬ ਮਜ਼ਦੂਰ ਹਰਵਿੰਦਰ ਸਿੰਘ ਦੀ ਗਾਂ ਦੀ ਲੰਪੀ ਸਕਿੱਨ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਮਜ਼ਦੂਰ ਨੇ ਦੱਸਿਆ ਕਿ ਉਸ ਦੀ ਗਾਂ ਪਿਛਲੇ 15 ਦਿਨਾਂ ਤੋਂ ਬਿਮਾਰ ਸੀ ਪਰ ਹਸਪਤਾਲ ਵਿਚ ਕੋਈ ਡਾਕਟਰ ਤੇ ਦਵਾਈ ਨਾ ਹੋਣ ਕਾਰਨ ਅਤੇ ਸਹੀ ਇਲਾਜ ਨਾ ਹੋਣ ਕਰ ਕੇ ਉਸਦੀ ਮੌਤ ਹੋ ਗਈ। ਪੀੜਤ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਉਧਰ ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਉਤੇ ਦੋਸ਼ ਲਾਉਂਦਿਆਂ ਕਿਹਾ ਹੋਏ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਬਿਮਾਰੀ ਵੱਲ ਕੋਈ ਧਿਆਨ ਨਹੀਂ ਦਿੱਤਾ। ਭੁੱਚੋ ਖੁਰਦ ਦੇ ਵਿੱਚ ਪਿਛਲੇ ਅੱਠ ਮਹੀਨਿਆਂ ਤੋਂ ਪਸ਼ੂਆਂ ਵਾਲੀ ਡਿਸਪੈਂਸਰੀ ਵਿੱਚ ਡਾਕਟਰ ਨਹੀਂ ਹੈ ਜਿਸ ਦੇ ਸਿੱਟੇ ਵਜੋਂ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਪਸ਼ੂਆਂ ਨੂੰ ਬਿਮਾਰੀ ਹੋਈ ਹੈ। ਲੋਕਾਂ ਦੇ ਪਸ਼ੂ ਮਰ ਰਹੇ ਹਨ ਪਰ ਸਰਕਾਰ ਕੁੰਭਕਰਨੀ ਦੀ ਨੀਂਦ ਸੁੱਤੀ ਪਈ ਹੈ। ਪਿੰਡਾਂ ਵਿੱਚ ਲਗਾਤਾਰ ਬਿਮਾਰੀ ਕਾਰਨ ਪਸ਼ੂ ਮਰ ਰਹੇ ਹਨ। ਪਸ਼ੂ ਪਾਲਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਰੇ ਪਸ਼ੂਆਂ ਕਾਰਨ ਹੋਏ ਨੁਕਸਾਨ ਦਾ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਜੇ ਸਰਕਾਰ ਨੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਤੇ ਪਸ਼ੂਆਂ ਦੀ ਬਿਮਾਰੀ ਦਾ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਹ ਵੀ ਪੜ੍ਹੋ : ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਸਿੰਗਲ ਯੂਜ਼ ਪਲਾਸਟਿਕ ਤੋਂ ਕਿਨਾਰਾ ਜ਼ਰੂਰੀ : ਜੌੜਾਮਾਜਰਾ