Anil Ambani Resigns: ਅਨਿਲ ਅੰਬਾਨੀ ਨੇ ਰਿਲਾਇੰਸ ਪਾਵਰ ਅਤੇ ਆਰ-ਇਨਫਰਾਸਟ੍ਰਕਚਰ ਦੇ ਡਾਇਰੈਕਟਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ: ਅਨਿਲ ਧੀਰੂਭਾਈ ਅੰਬਾਨੀ ਗਰੁੱਪ (ADAG) ਦੇ ਚੇਅਰਮੈਨ ਅਨਿਲ ਅੰਬਾਨੀ ਨੇ ਸ਼ੁੱਕਰਵਾਰ ਨੂੰ ਰਿਲਾਇੰਸ ਪਾਵਰ ਅਤੇ ਰਿਲਾਇੰਸ ਇਨਫਰਾਸਟਰੱਕਚਰ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ, ਭਾਰਤੀ ਪ੍ਰਤੀਭੂਤੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਅਨਿਲ ਅੰਬਾਨੀ ਨੂੰ ਸਟਾਕ ਐਕਸਚੇਂਜਾਂ ਵਿੱਚ ਕਿਸੇ ਵੀ ਸੂਚੀਬੱਧ ਕੰਪਨੀ ਵਿੱਚ ਸ਼ਾਮਿਲ ਹੋਣ ਤੋਂ ਰੋਕ ਦਿੱਤਾ ਸੀ। ਰਿਲਾਇੰਸ ਪਾਵਰ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਸੇਬੀ ਦੇ ਅੰਤਰਿਮ ਆਦੇਸ਼ ਤੋਂ ਬਾਅਦ ਗੈਰ-ਕਾਰਜਕਾਰੀ ਨਿਰਦੇਸ਼ਕ ਅਨਿਲ ਅੰਬਾਨੀ ਨੇ ਕੰਪਨੀ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਿਲਾਇੰਸ ਇਨਫਰਾਸਟ੍ਰਕਚਰ ਨੇ ਸਟਾਕ ਐਕਸਚੇਂਜ ਨੂੰ ਇਹ ਵੀ ਦੱਸਿਆ ਕਿ ਅਨਿਲ ਅੰਬਾਨੀ ਨੇ 'ਸੇਬੀ ਦੇ ਅੰਤਰਿਮ ਆਦੇਸ਼ ਦੀ ਪਾਲਣਾ ਵਿੱਚ' ਕੰਪਨੀ ਦੇ ਨਿਰਦੇਸ਼ਕ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਫਰਵਰੀ ਵਿਚ, ਸੇਬੀ ਨੇ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ, ਉਦਯੋਗਪਤੀ ਅਨਿਲ ਅੰਬਾਨੀ ਅਤੇ ਤਿੰਨ ਹੋਰਾਂ 'ਤੇ ਪ੍ਰਤੀਭੂਤੀਆਂ ਬਾਜ਼ਾਰ ਤੋਂ ਕਥਿਤ ਤੌਰ 'ਤੇ ਪੈਸੇ ਕਢਵਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ। ਆਰ-ਪਾਵਰ ਅਤੇ ਆਰ-ਇੰਫਰਾ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਸ਼ੁੱਕਰਵਾਰ ਨੂੰ ਰਾਹੁਲ ਸਰੀਨ ਨੂੰ ਪੰਜ ਸਾਲਾਂ ਦੇ ਕਾਰਜਕਾਲ ਲਈ ਇੱਕ ਸੁਤੰਤਰ ਨਿਰਦੇਸ਼ਕ ਵਜੋਂ ਵਧੀਕ ਨਿਰਦੇਸ਼ਕ ਨਿਯੁਕਤ ਕੀਤਾ ਹੈ, ਦੋਵੇਂ ADAG ਸਮੂਹ ਕੰਪਨੀਆਂ ਨੇ ਕਿਹਾ। ਹਾਲਾਂਕਿ, ਇਹ ਨਿਯੁਕਤੀ ਅਜੇ ਵੀ ਜਨਰਲ ਮੀਟਿੰਗ ਵਿੱਚ ਮੈਂਬਰਾਂ ਦੀ ਪ੍ਰਵਾਨਗੀ ਦੇ ਅਧੀਨ ਹੈ। ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੈਪੀਟਲ ਕਰਜ਼ੇ ਦੇ ਬੋਝ ਹੇਠ ਦੱਬੀ ਹੋਈ ਹੈ। ਜਾਣਕਾਰੀ ਮੁਤਾਬਕ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਫਾਈਨੈਂਸ਼ੀਅਲ ਸਰਵਿਸਿਜ਼, ਕੇਕੇਆਰ, ਪਿਰਾਮਲ ਫਾਈਨਾਂਸ ਅਤੇ ਪੂਨਾਵਾਲਾ ਫਾਈਨਾਂਸ ਸਮੇਤ 14 ਵੱਡੀਆਂ ਕੰਪਨੀਆਂ ਨੇ ਇਸ ਕੰਪਨੀ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਨਿਯੁਕਤ ਪ੍ਰਸ਼ਾਸਕ ਨੇ ਬੋਲੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 11 ਮਾਰਚ ਤੋਂ ਵਧਾ ਕੇ 25 ਮਾਰਚ ਕਰ ਦਿੱਤੀ ਸੀ। 29 ਨਵੰਬਰ ਨੂੰ, ਰਿਲਾਇੰਸ ਕੈਪੀਟਲ ਦੇ ਬੋਰਡ ਨੂੰ ਗਵਰਨੈਂਸ ਦੀ ਕਮੀ ਅਤੇ ਭੁਗਤਾਨ ਡਿਫਾਲਟ ਕਾਰਨ RBI ਨੇ ਭੰਗ ਕਰ ਦਿੱਤਾ ਸੀ। ਸਤੰਬਰ 2021 'ਚ ਰਿਲਾਇੰਸ ਕੈਪੀਟਲ ਨੇ ਆਪਣੀ ਸਾਲਾਨਾ ਜਨਰਲ ਮੀਟਿੰਗ 'ਚ ਸ਼ੇਅਰਧਾਰਕਾਂ ਨੂੰ ਦੱਸਿਆ ਸੀ ਕਿ ਕੰਪਨੀ 'ਤੇ ਕੁੱਲ ਕਰਜ਼ਾ 40 ਹਜ਼ਾਰ ਕਰੋੜ ਰੁਪਏ ਹੈ। ਦਸੰਬਰ ਤਿਮਾਹੀ 'ਚ ਕੰਪਨੀ ਦਾ ਘਾਟਾ 1759 ਕਰੋੜ ਰੁਪਏ 'ਤੇ ਆ ਗਿਆ ਸੀ। ਦਸੰਬਰ 2020 ਤਿਮਾਹੀ ਵਿੱਚ ਕੰਪਨੀ ਦਾ ਕੁੱਲ ਘਾਟਾ 3966 ਕਰੋੜ ਰੁਪਏ ਸੀ। ਰਿਲਾਇੰਸ ਕੈਪੀਟਲ ਦੀ ਸਥਾਪਨਾ ਸਾਲ 1986 ਵਿੱਚ ਕੀਤੀ ਗਈ ਸੀ। ਇਹ ਵੀ ਪੜ੍ਹੋ:ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਵੱਡੀ ਕਾਰਵਾਈ, ਡੀਸੀ ਨੇ ਕਲਰਕ ਨੂੰ ਕੀਤਾ ਮੁਅੱਤਲ -PTC News