ਪਾਕਿਸਤਾਨ ਵਿੱਚ 'ਸ਼ੇਰ-ਏ-ਪੰਜਾਬ' ਦੀ ਜੱਦੀ ਹਵੇਲੀ ਢਹੀ
ਗੁਜਰਾਂਵਾਲਾ (ਪਾਕਿਸਤਾਨ), 14 ਅਗਸਤ: ਪਾਕਿਸਤਾਨ ਦੇ ਗੁਜਰਾਂਵਾਲਾ ਸ਼ਹਿਰ 'ਚ ਸਥਿਤ “ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ 'ਤੇ ਪਾਕਿਸਤਾਨ ਸਰਕਾਰ ਦੀ ਲਗਾਤਾਰ ਅਣਗਹਿਲੀ ਕਾਰਨ ਸ਼ੁੱਕਰਵਾਰ ਨੂੰ ਵਿਰਾਸਤੀ ਇਮਾਰਤ ਦੀ ਛੱਤ ਡਿੱਗ ਗਈ। ਸਿੱਖ ਸਾਮਰਾਜ ਦੇ ਪਹਿਲੇ ਮਹਾਰਾਜਾ "ਸ਼ੇਰ-ਏ-ਪੰਜਾਬ" ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਇਸੀ ਹਵੇਲੀ 'ਚ ਹੋਇਆ ਸੀ। ਇਸ ਹਵੇਲੀ ਦੀ ਦੁਨੀਆ ਭਰ 'ਚ ਵੱਸਦੇ ਸਿੱਖਾਂ ਲਈ ਬਹੁਤ ਮਹੱਤਤਾ ਹੈ। ਆਲ਼ੇ ਦੁਆਲੇ ਗੈਰ-ਕਾਨੂੰਨੀ ਤੌਰ 'ਤੇ ਬਣਾਏ ਗਏ ਅਸਥਾਈ ਨਿਵਾਸਾ ਕਰ ਕੇ ਅੱਜ ਇਹ ਹਵੇਲੀ ਭੀੜ-ਭੜੱਕੇ 'ਚ ਘਿਰ ਚੁੱਕੀ ਹੈ। ਸਥਾਨਕ ਰਿਪੋਰਟਾਂ ਦੇ ਮੁਤਾਬਿਕ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਦੌਲਤ ਅਤੇ ਸ਼ੁਹਰਤ ਨੂੰ ਦਰਸਾਉਂਦੀ ਇਹ ਵਿਰਾਸਤੀ ਜਾਇਦਾਦ ਅੱਜ ਖਸਤਾ ਹਾਲਤ ਵਿੱਚ ਹੈ। ਪਾਕਿਸਤਾਨ ਦੇ ਪੁਰਾਤਤਵ ਵਿਭਾਗ ਦੁਆਰਾ ਇਮਾਰਤ ਨੂੰ ਇੱਕ ਸੁਰੱਖਿਅਤ ਵਿਰਾਸਤੀ ਇਮਾਰਤ ਘੋਸ਼ਿਤ ਕੀਤਾ ਗਿਆ ਹੈ ਪਰ ਅਧਿਕਾਰੀ ਇਹ ਘੋਸ਼ਣਾ ਮਹਿਜ਼ ਅਲਫਾਜ਼ਾਂ 'ਚ ਹੀ ਰਹਿ ਗਈ ਜਦਕਿ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਪਾਕਿਸਤਾਨ ਸਰਕਾਰ ਨੇ ਇਸ ਦੀ ਬਹਾਲੀ ਲਈ ਕਈ ਵਾਰ ਫ਼ੰਡ ਅਲਾਟ ਕੀਤੇ ਹਨ ਪਰ ਉਹ ਨਾ ਜਾਣੇ ਕਿਥੇ ਵਰਤ ਲਏ ਜਾਂਦੇ ਨੇ ਕਿਉਂਕਿ ਸਥਾਨਿਕ ਰਿਪੋਰਟਾਂ ਮੁਤਾਬਿਕ ਉਹ ਕਦੇ ਇਮਾਰਤ ਦੀ ਬਹਾਲੀ ਲਈ ਤਾਂ ਪਹੁੰਚੇ ਹੀ ਨਹੀਂ। ਮਹਾਰਾਜਾ ਰਣਜੀਤ ਸਿੰਘ ਦੀ ‘ਹਵੇਲੀ’ ਦੇ ਇੱਕ ਹਿੱਸੇ ਨੂੰ ਕੁੱਝ ਦਿਨ ਪਹਿਲਾਂ ਅਧਿਕਾਰੀਆਂ ਵੱਲੋਂ ਸੁਰੱਖਿਅਤ ਐਲਾਨਣ ਤੋਂ ਬਾਅਦ ਇਸ ਨੂੰ ਇਤਿਹਾਸਕ ਸੈਰ-ਸਪਾਟੇ ਸਥਾਨ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਬਾਵਜੂਦ ਇਸ ਯੋਜਨਾ ਦੇ ਇਤਿਹਾਸਿਕ ਇਮਾਰਤ ਦੀ ਛੱਤ ਢਹਿ ਗਈ। ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ‘ਹਵੇਲੀ’ ਦਾ ਦੌਰਾ ਕਰ ਕੇ ਇਸ ਨੂੰ ਪੂਰੀ ਤਰਾਂ ਸੁਰੱਖਿਅਤ ਐਲਾਨਿਆ ਸੀ। ਇਹ ਐਲਾਨ ਕੀਤਾ ਗਿਆ ਸੀ ਕਿ ਇਹ ਸੈਲਾਨੀਆਂ ਲਈ, ਖ਼ਾਸ ਕਰ ਕੇ ਭਾਰਤ ਦੇ ਸਿੱਖਾਂ ਲਈ ਖੁੱਲ੍ਹਾ ਰਹੇਗਾ। ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਪਾਕਿਸਤਾਨ ਸਰਕਾਰ ਨੇ ਹਵੇਲੀ ਦੇ ਇੱਕ ਖੇਤਰ ਨੂੰ ਜਿੱਥੇ ਮਹਾਰਾਜਾ 13 ਨਵੰਬਰ 1780 ਨੂੰ ਪੈਦਾ ਹੋਏ ਸਨ, ਨੂੰ ਇੱਕ ਡੰਪ ਯਾਰਡ ਵਿੱਚ ਤਬਦੀਲ ਕਰ ਦਿੱਤਾ ਅਤੇ ਇਸ ਦੇ ਹੇਠਲੇ ਹਿੱਸੇ ਨੂੰ ਵੰਡ ਤੋਂ ਬਾਅਦ ਲੰਬੇ ਸਮੇਂ ਤੱਕ ਪੁਲਿਸ ਸਟੇਸ਼ਨ ਵਜੋਂ ਵਰਤਿਆ ਗਿਆ। ਦੱਸਿਆ ਗਿਆ ਹੈ ਕਿ ਹਵੇਲੀ ਦਾ ਇੱਕ ਹਿੱਸਾ ਸਬਜ਼ੀ ਵਿਕਰੇਤਾਵਾਂ ਦੀਆਂ ਦੁਕਾਨਾਂ ਵਿੱਚ ਤਬਦੀਲ ਹੋ ਗਿਆ ਸੀ ਅਤੇ ਇਸ ਦੀ ਮੁੱਖ ਪੌੜੀ ਪਾਰਕਿੰਗ ਲਾਟ ਵਜੋਂ ਵਰਤੀ ਜਾ ਰਹੀ ਸੀ। -PTC News