ਅਣਪਛਾਤੇ ਵਿਅਕਤੀ ਕੱਪੜਾ ਵਪਾਰੀ ਨੂੰ ਜ਼ਖਮੀ ਕਰਨ ਤੋਂ ਬਾਅਦ ਨਕਦੀ ਵਾਲਾ ਬੈਗ ਲੈ ਕੇ ਹੋਏ ਫਰਾਰ
ਰਾਜਪੁਰਾ: ਪੰਜਾਬ ਵਿਚ ਕਤਲ, ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀ ਹਨ। ਪਟਿਆਲਾ ਦਾ ਰਾਜਪੁਰਾ ਅਪਰਾਧਿਕ ਘਟਨਾਵਾਂ ਦਾ ਅੱਡਾ ਬਣਿਆ ਹੋਇਆ ਹੈ। ਇੱਕੋ ਦਿਨ ਵਿੱਚ 2 ਵੱਡੀਆਂ ਘਟਨਾਵਾਂ ਵਾਪਰੀਆਂ ਹਨ। ਦੱਸ ਦੇਈਏ ਕਿ ਸਵੇਰੇ ਰਾਜਪੁਰਾ ਦੇ ਨਜ਼ਦੀਕ ਇੱਕ ਪਿੰਡ ਵਿਚੋਂ ਬੱਚੇ ਨੂੰ ਅਗਵਾ ਕੀਤਾ ਗਿਆ ਤੇ ਦੂਜੇ ਪਾਸੇ ਰਾਤ ਨੂੰ ਇੱਕ ਕੱਪੜਾ ਵਪਾਰੀ ਨਾਲ ਹੋਈ ਕੁੱਟਮਾਰ ਤੇ ਲੁੱਟ ਕੀਤੀ ਗਈ ਹੈ। ਦੱਸ ਦੇਈਏ ਕਿ ਅਣਪਛਾਤੇ ਵਿਅਕਤੀਆਂ ਵਲੋਂ ਵੀਰਵਾਰ ਰਾਤ ਜੀ.ਟੀ ਰੋਡ 'ਤੇ ਇੱਕ ਕੱਪੜਾ ਵਪਾਰੀ ਨੂੰ ਜ਼ਖਮੀ ਕਰਨ ਤੋਂ ਬਾਅਦ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਵਪਾਰੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਅਨੁਸਾਰ ਕੈਲੀਬਰ ਮਾਰਕੀਟ ਵਿੱਚ ਕੱਪੜਿਆਂ ਦਾ ਇੱਕ ਵੱਡਾ ਸ਼ੋਅਰੂਮ ਹੈ। ਉਕਤ ਦੁਕਾਨ 'ਤੇ ਲੁਧਿਆਣਾ ਦਾ ਕਾਰੋਬਾਰੀ ਰਵਿੰਦਰ ਸਿੰਘ ਉਰਫ਼ ਰਾਜਨ ਕੱਪੜਿਆਂ ਦੇ ਸੈਂਪਲ ਲੈ ਕੇ ਉਕਤ ਸ਼ੋਅਰੂਮ 'ਤੇ ਆਇਆ, ਜਦੋਂ ਉਹ ਸੈਂਪਲ ਦਿਖਾਉਣ ਤੋਂ ਬਾਅਦ ਸ਼ੋਅਰੂਮ ਦੇ ਬਾਹਰ ਖੜ੍ਹੀ ਆਪਣੀ ਕਾਰ 'ਚ ਬੈਠਣ ਲੱਗਾ ਤਾਂ ਉਸ ਸਮੇਂ ਦੋ ਬਾਈਕ ਸਵਾਰ ਜਿਨ੍ਹਾਂ ਨੇ ਸਿਰ ਅਤੇ ਮੂੰਹ ਢਕੇ ਹੋਏ ਸਨ, ਆਏ ਅਤੇ ਰਾਜਨ ਕੋਲੋਂ ਨਕਦੀ ਵਾਲਾ ਬੈਗ ਖੋਹਣ ਲੱਗੇ, ਜਿਸ ਕਾਰਨ ਰਾਜਨ ਨੇ ਬੈਗ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਰਾਜਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਰਾਜਨ ਗੰਭੀਰ ਜ਼ਖਮੀ ਹੋ ਗਿਆ। ਇਹ ਵੀ ਪੜ੍ਹੋ: ਨਸ਼ਾ ਛੁਡਾਊ ਗੋਲੀਆਂ ਦਾ ਮਾਮਲਾ: ਕੇਂਦਰ ਨੇ ਹਾਈ ਕੋਰਟ ਨੂੰ ਪੰਜ ਰਿਪੋਰਟਾਂ ਸੌਂਪੀਆਂ ਇਸ ਹਮਲੇ 'ਚ ਰਾਜਨ ਦੇ ਸਿਰ ਅਤੇ ਪਾਸੇ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਲਹੂ-ਲੁਹਾਨ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਅਨੁਸਾਰ ਬੈਗ ਵਿੱਚ 12 ਹਜ਼ਾਰ ਦੀ ਨਕਦੀ ਅਤੇ ਵੱਡੀ ਗਿਣਤੀ ਵਿੱਚ ਚੈੱਕ ਸਨ। ਜ਼ਿਕਰਯੋਗ ਹੈ ਕਿ ਜਿੱਥੇ ਇਹ ਘਟਨਾ ਵਾਪਰੀ, ਉੱਥੇ ਹਮੇਸ਼ਾ ਹੀ ਸਰਗਰਮੀ ਹੁੰਦੀ ਰਹਿੰਦੀ ਹੈ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਵੀਰਵਾਰ ਸਵੇਰੇ ਹੀ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਰਾਜਪੁਰਾ ਦੇ ਨਜ਼ਦੀਕ ਪਿੰਡ ਖੰਡੋਲੀ ਤੋਂ ਸਕੂਲ ਜਾਂਦਾ ਇੱਕ 8 ਸਾਲਾ ਬੱਚਾ ਵੀ ਅਗਵਾ ਕਰ ਲਿਆ ਸੀ ਜੋ ਕਿ ਕਤਿੱਥ ਤੌਰ ਤੇ 3 ਲੱਖ ਰੁਪਏ ਫਿਰੌਤੀ ਦਿੱਤੇ ਜਾਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਭਾਵੇਂ ਕਿ ਪੁਲਸ ਨੇ ਇਹ ਦਾਅਵਾ ਕੀਤਾ ਹੈ ਉਨ੍ਹਾਂ ਵਲੋਂ ਬੱਚਾ ਛੁਡਾਇਆ ਗਿਆ ਸੀ (ਗਗਨ ਦੀਪ ਆਹੂਜਾ ਦੀ ਰਿਪੋਰਟ) -PTC News