ਖ਼ੁਦ ਰੇਹੜੇ 'ਚ ਜੁੜਕੇ ਭਾਰ ਢੋਣ ਦੇ ਲਈ ਮਜਬੂਰ ਹੈ 80 ਸਾਲਾਂ ਬਜ਼ੁਰਗ
ਮਾਨਸਾ: ਬਜ਼ੁਰਗ ਅਵਸਥਾ ਦੇ ਵਿਚ ਬੱਚੇ ਆਪਣੇ ਬਜ਼ੁਰਗਾਂ ਦਾ ਸਹਾਰਾ ਬਣਦੇ ਹਨ ਪਰ ਮਾਨਸਾ ਦਾ ਇੱਕ ਬਜ਼ੁਰਗ ਜੋ ਆਪਣੀ ਰੋਟੀ ਦਾ ਜੁਗਾੜ ਕਰਨ ਦੇ ਲਈ ਖ਼ੁਦ ਖੱਚਰ ਰੇਹੜੇ ਦੇ ਵਿਚ ਜੁੜ ਕੇ ਭਾਰ ਢੋਅ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ। ਮਾਨਸਾ ਸ਼ਹਿਰ ਦੇ ਵਿੱਚ ਇਕ ਬਜ਼ੁਰਗ ਦਾ ਚਾਰ ਮਹੀਨੇ ਪਹਿਲਾਂ ਖੱਚਰ ਮਰ ਜਾਣ ਕਾਰਨ ਅੱਜ ਬਜ਼ੁਰਗ ਖੁਦ ਖੱਚਰ ਰੇਹੜੇ ਦੇ ਵਿਚ ਜੁੜ ਕੇ ਸ਼ਹਿਰ ਦੇ ਵਿੱਚ ਭਾਰ ਢੋਣ ਦੇ ਲਈ ਮਜਬੂਰ ਹੈ। ਇਸ ਬਜ਼ੁਰਗ ਦੀ ਉਮਰ 80 ਸਾਲ ਦੇ ਕਰੀਬ ਹੈ ਜੋ ਕਿ ਆਪਣੀ ਰੋਟੀ ਦਾ ਜੁਗਾੜ ਕਰਨ ਦੇ ਲਈ ਖ਼ੁਦ ਖੱਚਰ ਰੇਹੜੇ ਦੇ ਵਿਚ ਜੁੜ ਕੇ ਭਾਰ ਖਿੱਚਦਾ ਹੈ। ਮਿਲੀ ਜਾਣਕਾਰੀ ਮੁਤਾਬਕ ਜੇਕਰ ਕੰਮ ਮਿਲ ਜਾਂਦਾ ਹੈ ਤਾਂ ਰੋਟੀ ਖਾ ਲੈਂਦਾ ਹੈ ਨਹੀਂ ਤਾਂ ਮਜਬੂਰੀ ਵੱਸ ਸ਼ਹਿਰ ਦੇ ਮੰਦਰਾਂ ਗੁਰਦੁਆਰਿਆਂ ਵਿੱਚ ਬੈਠ ਕੇ ਰੋਟੀ ਨਾਲ ਆਪਣਾ ਪੇਟ ਭਰ ਲੈਂਦਾ ਹੈ। ਸਮਾਜ ਸੇਵੀ ਸੰਸਥਾ ਨੇ ਬਜ਼ੁਰਗ ਦੇ ਹਾਲਾਤ ਵੇਖ ਕੇ ਉਸ ਦੀ ਵੀਡੀਓ ਨੂੰ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਅਤੇ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਬਜ਼ੁਰਗ ਨਾਲ ਹਮਦਰਦੀ ਕਰਦਾ ਹੈ। ਬਜ਼ੁਰਗ ਦੀ ਮਦਦ ਕਰਨ ਦੇ ਹਰ ਕੋਈ ਅੱਗੇ ਆ ਰਿਹਾ ਹੈ। ਓਧਰ ਬਜ਼ੁਰਗ ਹਾਕਮ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਉਸ ਦਾ ਖੱਚਰ ਮਰ ਗਿਆ ਸੀ ਜਿਸ ਤੋਂ ਬਾਅਦ ਉਹ ਖੁਦ ਰੇਹੜੇ ਨੂੰ ਖਿੱਚ ਕੇ ਭਾਰ ਖਿੱਚਣ ਦਾ ਕੰਮ ਕਰ ਰਿਹਾ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਮੇਰਾ ਕੋਈ ਸਹਾਰਾ ਨਹੀਂ ਹੈ ਅਤੇ ਸਰਕਾਰ ਨੇ ਵੀ ਕਦੇ ਨਹੀਂ ਸਾਰ ਲਈ ਹੈ। ਸਮਾਜ ਸੇਵੀ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਹਿਰ ਦੇ ਵਿਚ ਭਾਰ ਖਿੱਚ ਰਹੇ ਬਜ਼ੁਰਗ ਨੂੰ ਦੇਖਿਆ ਤਾਂ ਉਨ੍ਹਾਂ ਨੇ ਇਨ੍ਹਾਂ ਦੇ ਨਾਲ ਗੱਲਬਾਤ ਕੀਤੀ ਅਤੇ ਇਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ, ਜਿਸ ਨੂੰ ਕਿ ਹਰ ਇੱਕ ਵਿਅਕਤੀ ਨੇ ਹਮਦਰਦੀ ਪ੍ਰਗਟ ਕਰਦਿਆਂ ਇਨ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਇਹ ਵੀ ਪੜ੍ਹੋ:ਦੇਸ਼ ਦੇ ਪ੍ਰਾਈਵੇਟ ਸਕੂਲਾਂ ਨੂੰ ਦਿੱਤੇ ਜਾਣਗੇ ਬੈਸਟ ਨੈਸ਼ਨਲ ਸਕੂਲ ਐਵਾਰਡ, ਪੋਸਟਰ ਜਾਰੀ -PTC News