ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਲਈ ਇੱਕ ਸਾਬਕਾ ਕੈਬਨਿਟ ਮੰਤਰੀ ਆਇਆ ਅੱਗੇ ,ਰਾਹਤ ਸਮੱਗਰੀ ਕੀਤੀ ਰਵਾਨਾ
ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਲਈ ਇੱਕ ਸਾਬਕਾ ਕੈਬਨਿਟ ਮੰਤਰੀ ਆਇਆ ਅੱਗੇ ,ਰਾਹਤ ਸਮੱਗਰੀ ਕੀਤੀ ਰਵਾਨਾ:ਅੰਮ੍ਰਿਤਸਰ ਰੇਲਵੇ ਹਾਦਸੇ 'ਚ ਕਈ ਲੋਕਾਂ ਨੇ ਆਪਣੇ ਕਰੀਬੀ ਤੇ ਪਰਿਵਾਰ ਵਾਲੇ ਖੋਹ ਦਿੱਤੇ ਹਨ।ਇਨ੍ਹਾਂ ਪੀੜਤ ਪਰਿਵਾਰਾਂ ਵਿੱਚ ਕਈ ਪਰਿਵਾਰ ਅਜਿਹੇ ਹਨ ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ।ਇਹ ਗਰੀਬ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਆਪਣਾ ਪਰਿਵਾਰ ਪਾਲਦੇ ਸਨ ਪਰ ਹੁਣ ਇਸ ਰੇਲ ਹਾਦਸੇ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੋਰ ਮੁਸ਼ਕਲਾਂ ਵਿੱਚ ਪਾ ਦਿੱਤਾ ਹੈ।ਇਸ ਦੁੱਖ ਦੀ ਘੜੀ ਵਿੱਚ ਸਾਰਾ ਪੰਜਾਬ ਸੋਗ ਮਨਾ ਰਿਹਾ ਹੈ ,ਓਥੇ ਇਨ੍ਹਾਂ ਪੀੜਤ ਪਰਿਵਾਰਾਂ ਦੀ ਮਦਦ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਗੇ ਆਇਆ ਹੈ।ਇਸ ਦੌਰਾਨ ਮਜੀਠੀਆ ਨੇ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ 'ਚ ਧੋਬੀ ਘਾਟ ਦੇ ਨਜ਼ਦੀਕ ਜੌੜਾ ਫ਼ਾਟਕ 'ਤੇ ਦੁਸਹਿਰੇ ਮੌਕੇ ਵੱਡਾ ਰੇਲ ਹਾਦਸਾ ਵਾਪਰਿਆ ਸੀ।ਇਸ ਹਾਦਸੇ ਕਾਰਨ ਲਗਭਗ 59 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 100 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਦੱਸਣਯੋਗ ਹੈ ਕਿ ਧੋਬੀਘਾਟ 'ਤੇ ਦੁਸਹਿਰਾ ਮਨਾਇਆ ਜਾ ਰਿਹਾ ਸੀ ਅਤੇ ਲੋਕ ਜੌੜਾ ਰੇਲਵੇ ਟਰੈਕ 'ਤੇ ਖੜ੍ਹੇ ਹੋ ਕੇ ਦੁਸਹਿਰਾ ਵੇਖ ਰਹੇ ਸਨ।ਜਦੋਂ ਰਾਵਣ ਦਾ ਪੁਤਲਾ ਸਾੜਿਆ ਗਿਆ ਤਾਂ ਜਲੰਧਰ ਵਾਲੇ ਪਾਸਿਓ ਰੇਲ ਗੱਡੀ ਆ ਗਈ ਸੀ।ਇਸ ਦੌਰਾਨ ਪਟਾਕਿਆਂ ਦੇ ਰੌਲੇ 'ਚ ਲੋਕਾਂ ਨੂੰ ਰੇਲ ਗੱਡੀ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ,ਜਿਸ ਦੇ ਚੱਲਦੇ ਰੇਲ ਗੱਡੀ ਨੇ ਟਰੈਕ 'ਤੇ ਖੜ੍ਹੇ ਲੋਕਾਂ ਨੂੰ ਦਰੜ ਦਿੱਤਾ ਸੀ।ਇਸ ਹਾਦਸੇ 'ਚ 59 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ 100 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਹਾਦਸੇ 'ਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਵੀ ਲਪੇਟ ਵਿੱਚ ਆ ਗਏ ਸਨ ਜਿਨ੍ਹਾਂ ਵਿੱਚੋਂ ਚਾਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਉੱਤਰ ਪ੍ਰਦੇਸ਼ ਰਵਾਨਾ ਕਰ ਦਿੱਤਾ ਗਿਆ ਸੀ। -PTCNews