ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲਾ: 72 ਘੰਟੇ ਜਾਂਚ ਤੋਂ ਬਾਅਦ ਵੀ ਪੁਲਿਸ ਦੇ ਹੱਥ ਖ਼ਾਲੀ
ਅੰਮ੍ਰਿਤਸਰ: ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਆਏ ਨੌਜਵਾਨ ਨੂੰ ਭੀੜ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਰ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਦੂਜੇ ਪਾਸੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਵੱਲੋਂ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਦਿੱਤੀ ਗਈ 72 ਘੰਟਿਆਂ ਦੀ ਸਮਾਂ ਸੀਮਾ ਵੀ ਅੱਜ ਖ਼ਤਮ ਹੋ ਗਈ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਨੌਜਵਾਨ ਦੀ ਪਛਾਣ ਦੀ ਉਮੀਦ ਵੀ ਘੱਟ ਹੁੰਦੀ ਜਾ ਰਹੀ ਹੈ। ਫਿਲਹਾਲ ਐਸਆਈਟੀ ਅੱਜ ਮ੍ਰਿਤਕ ਦਾ ਪੋਸਟਮਾਰਟਮ ਕਰੇਗੀ। ਇਸ ਲਈ ਡਾਕਟਰਾਂ ਦਾ ਵਿਸ਼ੇਸ਼ ਪੈਨਲ ਗਠਿਤ ਕੀਤਾ ਗਿਆ। ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ), ਲਾਅ ਐਂਡ ਆਰਡਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਸੀ ਜਿਸ ਨੇ ਦੋ ਦਿਨਾਂ ਵਿੱਚ ਜਾਂਚ ਰਿਪੋਰਟ ਪੇਸ਼ ਕਰਨੀ ਸੀ। ਹਾਲਾਂਕਿ, 72 ਘੰਟੇ ਬਾਅਦ ਵੀ, ਐਸਆਈਟੀ ਨੂੰ ਕੋਈ ਵੱਡੀ ਸਫਲਤਾ ਨਹੀਂ ਮਿਲੀ ਹੈ, ਜੋ ਅਜੇ ਵੀ ਡੀਐਨਏ ਟੈਸਟਿੰਗ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। 4 ਦਿਨ ਬਾਅਦ ਵੀ ਜਾਂਚ ਦੌਰਾਨ ਪੁਲਿਸ ਦੇ ਹੱਥ ਖਾਲੀ ਹਨ। ਇਸ ਦੌਰਾਨ ਅਜੇ ਤੱਕ ਵੀ ਬਾਇਓਮੈਟ੍ਰਿਕ ਤੋਂ ਵੀ ਕੋਈ ਪਛਾਣ ਨਹੀਂ ਹੋ ਪਾਈ ਹੈ ਪਰ ਪੁਲਿਸ ਵਲੋਂ ਕੋਸ਼ਿਸ਼ ਜਾਰੀ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸੁਖਚੈਨ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਬਾਇਓਮੈਟ੍ਰਿਕ ਸਿਸਟਮ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਗਿੱਲ ਨੇ ਕਿਹਾ ਕਿ ਬਾਇਓਮੈਟ੍ਰਿਕ ਸਕੈਨ ਉਦੋਂ ਹੀ ਕੰਮ ਕਰਦਾ ਹੈ ਜਦੋਂ ਲਗਾਤਾਰ ਖੂਨ ਦਾ ਵਹਾਅ ਹੁੰਦਾ ਹੈ। ਫਿਰ ਵੀ, ਉਹਨਾਂ ਨੇ ਫਿੰਗਰਪ੍ਰਿੰਟ ਕਾਗਜ਼ 'ਤੇ ਲਏ ਸਨ ਅਤੇ ਪੁਲਿਸ ਇਸ ਨੂੰ ਡਾਟਾਬੇਸ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਬੁੱਧਵਾਰ ਨੂੰ ਪੋਸਟਮਾਰਟਮ ਹੋਇਆ, ਪੁਲਿਸ ਨੇ ਬੇਅਦਬੀ ਦੇ ਦੋਸ਼ੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਐਤਵਾਰ ਨੂੰ ਕਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਜੋ ਦੋ ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ। ਇਸ ਦੌਰਾਨ ਸੁਖਚੈਨ ਗਿੱਲ ਨੇ ਕਿਹਾ ਕਿ ਜਾਂਚ ਸਬੰਧੀ ਅੰਤ੍ਰਿਮ ਰਿਪੋਰਟ ਜਲਦੀ ਪੇਸ਼ ਕੀਤੀ ਜਾਵੇਗੀ। ਗੌਰਤਲਬ ਹੈ ਕਿ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਘਟਨਾ ਸ਼ਨੀਵਾਰ ਨੂੰ ਸ਼ਾਮ ਦੀ ਅਰਦਾਸ ਦੌਰਾਨ ਵਾਪਰੀ ਜਦੋਂ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਰੇਲਿੰਗ ਤੋਂ ਛਾਲ ਮਾਰ ਦਿੱਤੀ ਅਤੇ ਕਥਿਤ ਤੌਰ 'ਤੇ ਤਲਵਾਰ ਨਾਲ ਸਿੱਖਾਂ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। -PTC News