ਹੈਲਥ ਵਰਕਰਜ਼ ਵੱਲੋਂ ਓਪੀ ਸੋਨੀ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਘਰ ਦੇ ਬਾਹਰ ਮਲਟੀਪਰਪਜ਼ ਹੈਲਥ ਵਰਕਰਜ਼ ਵੱਲੋਂ ਲਗਾਤਾਰ ਧਰਨੇ ਲਗਾਇਆ ਜਾ ਰਿਹਾ ਹੈ। ਅੱਜ ਫਿਰ ਮਲਟੀਪਰਪਜ਼ ਹੈਲਥ ਵਰਕਰ ਵੱਲੋਂ ਓ ਪੀ ਸੋਨੀ ਤੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮਲਟੀਪਰਪਜ਼ ਹੈਲਥ ਵਰਕਰਜ਼ ਨੇ ਭੰਡਾਰੀ ਪੁਲ ਜਾਮ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਬੀਤੇ ਦਿਨੀਂ ਉਨ੍ਹਾਂ ਵਲੋਂ ਭੰਡਾਰੀ ਪੁਲ ਜਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਤੋਂ ਬਾਅਦ ਇਨ੍ਹਾਂ ਨੂੰ ਉਥੋਂ ਉਠਾਇਆ ਗਿਆ ਸੀ ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਲਾਰਿਆਂ ਵਿੱਚ ਰੱਖ ਕੇ ਸਮਾਂ ਲੰਘਾ ਰਹੀ ਹੈ। ਝੂਠੇ ਦਿਲਾਸੇ ਦੇ ਰਹੀ ਹੈ।
ਪ੍ਰਸ਼ਾਸਨ ਦੇ ਨਾਲ ਕਿਸੇ ਗੱਲ ਨੂੰ ਸਿਰੇ ਨਾ ਚੜ੍ਹਨ ਤੇ ਇਹਨਾਂ ਮਲਟੀਪਰਪਜ਼ ਹੈਲਥ ਵਰਕਰ ਵੱਲੋਂ ਅੱਜ ਫਿਰ ਡਿਪਟੀ ਸੀਐੱਮ ਓਪੀ ਸੋਨੀ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ ਗਿਆ। ਮਲਟੀਪਰਪਜ਼ ਹੈਲਥ ਵਰਕਰਜ਼ ਦੀ ਮੰਗ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਰੋਨਾ ਕਾਲ ਦੇ ਵਿਚ ਲੋਕਾਂ ਦੀ ਸੇਵਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਪਿੱਛਲੇ 15 ਸਾਲਾਂ ਤੋਂ ਅਸੀਂ ਸਰਕਾਰ ਦੀਆਂ ਸੇਵਾਵਾਂ ਨਿਭਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੇ ਵਿਚ ਉਹ ਲਗਾਤਾਰ ਹਸਪਤਾਲਾਂ ਦੇ ਵਿਚ ਡਿਊਟੀ ਕਰਦੀਆਂ ਰਹੀਆਂ ਹਨ ਅਤੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਘਰਾਂ 'ਚ ਛੱਡ ਕੇ ਕਰੁਣਾ ਕਾਲ ਦੇ ਵਿਚ ਲੋਕਾਂ ਦੀ ਖੂਬ ਸੇਵਾ ਕੀਤੀ। ਉਨ੍ਹਾਂ ਦੱਸਿਆ ਕਿ ਸਾਨੂੰ ਸਰਕਾਰ ਵੱਲੋਂ ਪੱਕਿਆ ਕਰਨ ਲਈ ਕਿਹਾ ਗਿਆ ਸੀ ਪਰ ਹਾਲੇ ਤੱਕ ਵੀ ਸਾਨੂੰ ਪੱਕਿਆਂ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ।
ਮਲਟੀਪਰਪਜ਼ ਹੈਲਥ ਵਰਕਰ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਸਾਡੀ ਨਾ ਸੁਣੀ ਤਾਂ ਇਹ ਪ੍ਰਦਰਸ਼ਨ ਭਿਆਨਕ ਰੂਪ ਧਾਰਨ ਕਰੇਗਾ ਜਿਸ ਦੀ ਜ਼ਿੰਮੇਵਾਰ ਸਿਰਫ਼ ਤੇ ਸਿਰਫ਼ ਪੰਜਾਬ ਸਰਕਾਰ ਹੋਵੇਗੀ। ਕਿਸਾਨ ਜਥੇਬੰਦੀਆਂ ਵਲੋਂ ਵੀ ਹੈਲਥ ਵਰਕਰਾਂ ਦਾ ਸਮਰਥਨ ਕਰਦੇ ਹੋਏ ਓਪੀ ਸੋਨੀ ਦੀ ਕੋਠੀ ਦੇ ਬਾਹਰ ਧਰਨਾ ਦਿੱਤਾ ਗਿਆ।
-PTC News