ਮੁਹਾਲੀ ਦੇ ਬੜਮਾਜਰਾ 'ਚ ਕੁੱਟ-ਕੁੱਟ ਕੇ ਨੌਜਵਾਨ ਦਾ ਕਤਲ

By  Jasmeet Singh August 17th 2022 05:32 PM

ਮੁਹਾਲੀ, 17 ਅਗਸਤ: ਪੰਜਾਬ 'ਚ ਕਾਨੂੰਨ ਅਤੇ ਵਿਵਸਥਾ ਹਰ ਦਿਨ ਵਿਗੜਦੀ ਜਾ ਰਹੀ ਹੈ। ਸੂਬੇ 'ਚ ਗੈਂਗਸਟਰਵਾਦ ਦਾ ਟਰੈਂਡ ਕਿਸੇ ਤੋਂ ਲੁਕਿਆ ਨਹੀਂ ਹੈ, ਇਸੀ ਕੜੀ ਵਿੱਚ ਬੀਤੀ ਰਾਤ ਤਹਿਸੀਲ ਖਰੜ ਸਥਿਤ ਬੜਮਾਜਰਾ ਦੀ ਗੁਰੂ ਨਾਨਕ ਕਲੋਨੀ 'ਚ ਕਰੀਬ 10 ਵਜੇ ਦੋ ਗੁੱਟਾਂ ਵਿਚਾਲੇ ਹੋਏ ਖੂਨੀ ਝੜਪ 'ਚ ਨੌਜਵਾਨ ਨੂੰ ਰਾਡਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬੰਟੀ ਵਜੋਂ ਹੋਈ ਹੈ, ਜਿਸਦੇ ਰਿਸ਼ਤੇਦਾਰਾਂ ਨੇ ਇਹ ਦੋਸ਼ ਲਾਇਆ ਕਿ ਉਨ੍ਹਾਂ ਨੇ ਪਹਿਲਾਂ ਹੀ ਬਲੌਂਗੀ ਥਾਣੇ ਦੇ ਅਧਿਕਾਰੀਆਂ ਨੂੰ ਬੰਟੀ ਦੀ ਜਾਨ ਨੂੰ ਖ਼ਤਰੇ ਬਾਰੇ ਇਤਲਾਹ ਕੀਤਾ ਹੋਇਆ ਸੀ। ਵਾਰਦਾਤ ਵਾਲੀ ਥਾਂ ਨੇੜੇ ਹੀ ਰਾਡਾਂ, ਇੱਟਾਂ ਅਤੇ ਤਲਵਾਰਾਂ ਨਾਲ ਭਰੀ ਪੰਜਾਬ ਰਜਿਸਟ੍ਰੇਸ਼ਨ ਨੰਬਰ ਦੀ ਕਾਰ ਵੀ ਮਿਲੀ ਹੈ, ਜਿਸਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਸੀ। ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਕਿ ਉਸਦੇ ਮੁੰਡੇ ਦੇ ਕਤਲ ਪਿੱਛੇ ਕਾਲੂ ਨਾਮਕ ਸ਼ੂਟਰ ਦਾ ਹੱਥ ਹੈ। ਬੰਟੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਬੇਟੇ ਨੂੰ ਇੱਕ ਦੋਸਤ ਦਾ ਫ਼ੋਨ ਆਇਆ ਜਿਸਨੂੰ ਇੱਕ ਗਰੁੱਪ ਵੱਲੋਂ ਕੁੱਟਿਆ ਗਿਆ ਸੀ, ਜਿਸ ਤੋਂ ਬਾਅਦ ਬੰਟੀ ਉਸ ਨੂੰ ਬਚਾਉਣ ਲਈ ਉੱਥੋਂ ਚਲਾ ਗਿਆ। ਪੁਲਿਸ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਕਿ ਨੌਜਵਾਨਾਂ ਦਾ ਇੱਕ ਸਮੂਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਮੌਕੇ 'ਤੇ ਪਹੁੰਚਦਿਆਂ ਬੰਟੀ 'ਤੇ ਰਾਡਾਂ ਤੇ ਤਲਵਾਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦਰਮਿਆਨ ਜਿਸ ਗੱਡੀ 'ਚ ਉਹ ਆਇਆ ਸੀ ਉਸਦੀ ਵੀ ਭੰਨਤੋੜ ਕੀਤੀ। Rise-in-crime-by-Pakistani-migrants-4 ਡੀਐਸਪੀ ਖਰੜ ਰੁਪਿੰਦਰਦੀਪ ਸੋਹੀ ਨੇ ਦੱਸਿਆ ਕਿ ਬੀਤੀ ਰਾਤ ਦੋ ਗੁੱਟਾਂ ਵਿੱਚ ਝੜਪ ਦੀ ਜਾਣਕਾਰੀ ਮਿਲੀ ਸੀ, ਜਿਸ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। -PTC News

Related Post