ਬੀਬੀਐਮਬੀ ਦੀ ਸਰਕਾਰ ਨੂੰ ਚਿਤਾਵਨੀ- ਪੌਂਗ ਡੈਮ ਤੋਂ ਕਿਸੇ ਵੀ ਸਮੇਂ ਛੱਡਿਆ ਜਾ ਸਕਦਾ ਹੈ ਵਾਧੂ ਪਾਣੀ
ਚੰਡੀਗੜ੍ਹ: ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਮਾਨਸੂਨ ਨੇ ਹਿਮਾਚਲ ਅਤੇ ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਕਾਫੀ ਤਬਾਹੀ ਮਚਾਈ ਹੈ। ਡੈਮ ਪਾਣੀ ਨਾਲ ਭਰ ਗਏ ਹਨ। ਅੱਜ ਪੌਂਗ ਡੈਮ ਤੋਂ ਪਾਣੀ ਛੱਡਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਪਰ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਅਤੇ ਹੁੰਮਸ ਵਧ ਰਹੀ ਹੈ। ਸੋਮਵਾਰ ਤੋਂ ਇਸ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਚਲ ਵਿੱਚ ਹੋ ਰਹੀ ਭਾਰੀ ਬਰਸਾਤ ਕਰਕੇ ਪੌਂਗ ਡੈਮ ਦਾ ਜਲ ਸਤਰ ਲਗਾਤਾਰ ਵੱਧਣ ਦੀ ਵਜ੍ਹਾ ਨਾਲ ਨੇੜਲੇ ਪਿੰਡਾਂ ਵਿੱਚ ਅਨਾਊਂਸਮੈਂਟ ਕੀਤੀ ਗਈ ਹੈ। ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀਬੀਐੱਮਬੀ) ਨੇ ਇਥੇ ਪੌਂਗ ਡੈਮ ਦੀ ਮਹਾਰਾਣਾ ਸਾਗਰ ਝੀਲ ਵਿਚ ਪਾਣੀ ਦੀ ਆਮਦ ਵਿਚ ਹੋਏ ਅਚਾਨਕ ਵਾਧੇ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਬੰਧਕ ਬੋਰਡ ਵਲੋਂ ਕਿਹਾ ਗਿਆ ਹੈ ਕਿ ਡੈਮ ਵਿਚ ਪਾਣੀ ਦਾ ਪੱਧਰ 1374 ਫੁੱਟ ਤੱਕ ਪਹੁੰਚ ਚੁੱਕਿਆ ਹੈ ਅਤੇ ਝੀਲ ਵਿਚ ਪਾਣੀ ਦੀ ਆਮਦ ਚਾਰ ਲੱਖ ਕਿਊਸਿਕ ਤੋਂ ਵੱਧ ਹੈ। ਆਉਣ ਵਾਲੇ ਦੋ ਤਿੰਨ ਦਿਨਾਂ ਵਿਚ ਡੈਮ ਦੇ ਕੈਚਮੈਂਟ ਏਰੀਏ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ, ਨੂੰ ਦੇਖਦਿਆਂ ਪ੍ਰਬੰਧਕ ਬੋਰਡ ਨੇ ਵਾਧੂ ਪਾਣੀ ਛੱਡਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਸੋਮਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੀਂਹ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਵਾਵਾਂ ਵੀ ਚੱਲ ਸਕਦੀਆਂ ਹਨ ਪਰ ਐਤਵਾਰ ਨੂੰ ਗਰਮੀ ਰਹੇਗੀ। ਅੱਜ ਕੁਝ ਖੇਤਰਾਂ ਵਿੱਚ ਬੱਦਲ ਛਾਏ ਰਹਿਣਗੇ ਪਰ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਕਿਹਾ ਜਾ ਰਿਹਾ ਹੈ ਕਿ ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 35 ਡਿਗਰੀ ਦੇ ਨੇੜੇ ਪਹੁੰਚ ਸਕਦਾ ਹੈ। ਇਹ ਵੀ ਪੜ੍ਹੋ : ਜਹਾਜ਼ 'ਚ ਐਮਰਜੈਂਸੀ ਗੇਟ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ ਮੌਸਮ ਵਿਭਾਗ ਅਨੁਸਾਰ ਅੱਜ ਮਾਝੇ ਅਤੇ ਦੁਆਬੇ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਖਿੰਡੇ ਹੋਏ ਬੱਦਲ ਹੋਣਗੇ। ਜੇਕਰ ਮੀਂਹ ਪੈਂਦਾ ਹੈ, ਤਾਂ ਉਹ ਵੀ ਜੇਬ ਦੀ ਬਰਸਾਤ ਤੱਕ ਹੀ ਸੀਮਤ ਹੋ ਜਾਵੇਗਾ। ਦੂਜੇ ਪਾਸੇ ਮਾਲਵੇ ਵਿੱਚ ਅੱਜ ਮੀਂਹ ਪੈਣ ਦੇ ਆਸਾਰ ਹਨ। -PTC News