ਪਹਿਲਵਾਨਾਂ ਨੇ ਲਗਾਈ 'ਗੋਲਡਨ ਹੈਟ੍ਰਿਕ ; ਬਜਰੰਗ, ਸਾਕਸ਼ੀ ਤੇ ਦੀਪਕ ਨੇ ਜਿੱਤੇ ਸੋਨ ਤਗਮੇ
Commonwealth Games 2022: ਬਰਮਿੰਘਮ ਵਿੱਚ ਜਾਰੀ ਖੇਡਾਂ ਦਾ ਮਹਾਕੁੰਭ ਰਾਸ਼ਟਰਮੰਡਲ ਖੇਡਾਂ ਦਾ 8ਵਾਂ ਦਿਨ ਪੂਰੀ ਤਰ੍ਹਾਂ ਭਾਰਤੀ ਪਹਿਲਵਾਨਾਂ ਦੇ ਨਾਮ ਰਿਹਾ। ਭਾਰਤੀ ਪਹਿਲਵਾਨਾਂ ਦੀ ਪੂਰੀ ਤਰ੍ਹਾਂ ਤੂਤੀ ਬੋਲੀ। ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡਨ ਹੈਟ੍ਰਿਕ ਲਗਾਈ। ਬਜਰੰਗ ਪੂਨੀਆ ਤੇ ਦੀਪਕ ਪੂਨੀਆ ਨੇ ਪੁਰਸ਼ ਵਰਗ ਵਿੱਚ ਸੋਨ ਤਗਮੇ ਤੇ ਸਾਕਸ਼ੀ ਮਲਿਕ ਨੇ ਔਰਤਾਂ ਦੇ ਵਰਗ ਵਿੱਚ ਸੋਨ ਤਗਮੇ ਜਿੱਤ ਕੇ ਮੈਡਲ ਸੂਚੀ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਕੀਤੀ, ਜਦਕਿ ਅੰਸ਼ੂ ਮਲਿਕਾ ਤੇ ਦਿਵਿਆ ਕਾਕਰਾਨ ਨੇ ਵੀ ਕ੍ਰਮਵਾਰ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਗੋਲਡਨ ਹੈਟ੍ਰਿਕ ਦੀ ਗੱਲ ਕਰੀਏ ਤਾਂ ਦੀਪਕ ਪੂਨੀਆ ਨੇ 86 ਕਿਲੋਗ੍ਰਾਮ ਫ੍ਰੀਸਟਾਈਲ ਭਾਰ ਵਰਗ ਵਿੱਚ ਪਾਕਿਸਤਾਨੀ ਪਹਿਲਵਾਨ ਮੁਹੰਮਦ ਇਮਾਮ ਨੂੰ ਹਰਾਇਆ। ਇਹ ਭਾਰਤ ਦਾ ਕੁੱਲ ਮਿਲਾ ਕੇ 9ਵਾਂ ਤੇ 24ਵਾਂ ਤਮਗਾ ਸੀ। ਦੀਪਕ ਤੋਂ ਪਹਿਲਾਂ ਸਾਕਸ਼ੀ ਮਲਿਕ ਨੇ ਮਹਿਲਾਵਾਂ ਦੇ 62 ਕਿਲੋਗ੍ਰਾਮ ਭਾਰ ਵਰਗ ਫ੍ਰੀਸਟਾਈਲ 'ਚ ਭਾਰਤ ਨੂੰ ਅੱਠਵਾਂ ਸੋਨ ਤਮਗਾ ਦਿਵਾਇਆ ਹੈ। ਸਾਕਸ਼ੀ ਨੇ 0-4 ਨਾਲ ਅੱਗੇ ਹੋ ਕੇ ਸੋਨ ਤਮਗਾ ਜਿੱਤਿਆ, ਜੋ ਭਾਰਤ ਦਾ ਕੁੱਲ ਮਿਲਾ ਕੇ 23ਵਾਂ ਤਮਗਾ ਸੀ।
ਅੱਠਵੇਂ ਦਿਨ ਭਾਰਤ 9 ਸੋਨ, 8 ਚਾਂਦੀ ਅਤੇ 8 ਕਾਂਸੀ ਦੇ ਤਗਮਿਆਂ ਸਮੇਤ ਕੁੱਲ 25 ਤਗਮਿਆਂ ਨਾਲ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਪੁੱਜ ਗਿਆ। ਕੁਝ ਦੇਰ ਬਾਅਦ ਹੀ ਸ਼ੁਰੂਆਤੀ ਦੌਰ 'ਚ ਬਜਰੰਗ ਪੂਨੀਆ ਨੇ ਕੈਨੇਡਾ ਦੇ 21 ਸਾਲਾ ਮੈਕਨੀਲ ਖ਼ਿਲਾਫ਼ 4-0 ਦੀ ਲੀਡ ਲੈ ਲਈ। ਬਜਰੰਗ ਦਾ ਤਜਰਬਾ ਨੌਜਵਾਨ ਪਹਿਲਵਾਨ 'ਤੇ ਭਾਰੀ ਸਾਬਤ ਹੋਇਆ। ਦੂਜੇ ਦੌਰ 'ਚ ਵੀ ਬਜਰੰਗ ਨੇ ਹਮਲਾਵਰ ਸ਼ੁਰੂਆਤ ਕੀਤੀ। ਭਾਰਤੀ ਪਹਿਲਵਾਨ ਸਪੱਸ਼ਟ ਰਣਨੀਤੀ ਨਾਲ ਮੈਟ 'ਤੇ ਉਤਰੇ ਪਰ ਕੈਨੇਡੀਅਨ ਪਹਿਲਵਾਨ ਨੇ ਦੋ ਅੰਕ ਲੈ ਕੇ ਸਕੋਰ 4-2 ਕਰ ਦਿੱਤਾ ਪਰ ਬਜਰੰਗ ਨੇ ਜਵਾਬੀ ਕਾਰਵਾਈ ਕਰਦਿਆਂ ਸਕੋਰ 6-2 ਕਰ ਲਿਆ ਅਤੇ ਫਿਰ ਸਕੋਰ ਵੀ 7-2 ਹੋ ਗਿਆ ਅਤੇ ਫਿਰ ਆਖਰੀ ਪਲਾਂ ਵਿੱਚ ਬਜਰੰਗ ਨੇ ਸਕੋਰ 9-2 ਕਰਕੇ ਭਾਰਤ ਦੀ ਜਿੱਤ ਯਕੀਨੀ ਕਰ ਦਿੱਤੀ। ਖੇਡਾਂ ਵਿੱਚ ਭਾਰਤ ਦਾ ਇਹ ਸੱਤਵਾਂ ਸੋਨ ਤੇ ਕੁੱਲ ਮਿਲਾ ਕੇ 22ਵਾਂ ਤਗ਼ਮਾ ਸੀ। ਇਸ ਤੋਂ ਪਹਿਲਾਂ ਅੰਸ਼ੂ ਮਲਿਕ ਨੇ 57 ਕਿਲੋ ਭਾਰ ਵਰਗ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਨਾਈਜੀਰੀਆ ਦੀ ਏਜੇਕੁਰੋਈ ਓਦੁਨਾਯੋ ਨੇ ਅੰਸ਼ੂ ਦੇ ਖਿਲਾਫ ਪਹਿਲੇ ਦੌਰ 'ਚ 4-0 ਦੀ ਲੀਡ ਲੈ ਕੇ ਖੁਦ ਨੂੰ ਸੋਨ ਤਗਮੇ ਤੋਂ ਕਾਫੀ ਅੱਗੇ ਰੱਖਿਆ। ਤਿੰਨ ਮਿੰਟ ਦੇ ਦੂਜੇ ਦੌਰ 'ਚ ਅੰਸ਼ੂ ਨੇ ਪੂਰਾ ਜ਼ੋਰ ਲਗਾਇਆ ਪਰ ਅੰਤ 'ਚ ਓਦੁਨਾਯੋ ਨੇ ਉਸ ਨੂੰ ਇਕਤਰਫਾ ਮੁਕਾਬਲੇ 'ਚ 7-3 ਨਾਲ ਹਰਾ ਕੇ ਸੋਨ ਤਗਮੇ 'ਤੇ ਆਪਣਾ ਨਾਂ ਲਿਖਵਾਇਆ। ਅੰਸ਼ੂ ਦੇ ਇਸ ਚਾਂਦੀ ਦੇ ਮੈਡਲ ਨਾਲ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਇਹ 21ਵਾਂ ਤਮਗਾ ਸੀ। ਬਾਅਦ ਵਿੱਚ ਰਾਤ ਨੂੰ ਦਿਵਿਆ ਕਾਕਰਾਨ ਨੇ 68 ਕਿਲੋਗ੍ਰਾਮ ਵਰਗ ਵਿੱਚ ਟੋਂਗਾ ਦੀ ਟਾਈਗਰ ਲਿਲੀ ਕਾਕਰ ਨੂੰ ਆਸਾਨੀ ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਜਿਸ ਵਿੱਚ, ਅਥਲੈਟਿਕਸ ਪੁਰਸ਼ਾਂ ਦੀ 4 x 400 ਮੀਟਰ ਰਿਲੇਅ - ਇੰਡੀਆ ਫਾਈਨਲ, ਰਾਊਂਡ 1 - ਹੀਟ 2 ਜਿਸ ਵਿੱਚ ਭਾਰਤ ਦੇ ਮੁਹੰਮਦ ਅਨਸ ਯਾਹੀਆ, ਨੂਹ ਨਿਰਮਲ ਟੌਮ, ਮੁਹੰਮਦ ਅਜਮਲ ਵਰਿਆਥੋਡੀ ਅਤੇ ਅਮੋਜ਼ ਜੈਕਬ ਭਾਰਤੀ ਟੀਮ ਵਿੱਚ ਸਨ, ਨੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਬੈਡਮਿੰਟਨ - ਪੁਰਸ਼ ਸਿੰਗਲ ਰਾਊਂਡ ਵਿੱਚ ਕਿਦਾਂਬੀ ਸ਼੍ਰੀਕਾਂਤ ਨੇ ਸ਼੍ਰੀਲੰਕਾ ਦੇ ਡੁਮਿੰਡੂ ਅਬੇਵਿਕਰਮਾ ਨੂੰ 21 - 9, 21 - 12 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।