West Bengal: ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਟੀ.ਐਮ.ਸੀ. ਦੇ ਦੋ ਧੜਿਆਂ ਵਿਚਾਲੇ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਝੜਪ ਦੌਰਾਨ ਛੇ ਵਿਅਕਤੀ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਿਕ ਘਟਨਾ ਦੁਬਰਾਜਪੁਰ ਥਾਣਾ ਖੇਤਰ ਦੇ ਗਾਰਾ-ਪਦੁਮਾ ਪਿੰਡ 'ਚ ਉਸ ਸਮੇਂ ਵਾਪਰੀ ਜਦੋਂ ਬਲਾਕ ਵਿਕਾਸ ਅਧਿਕਾਰੀ ਦੇ ਦਫ਼ਤਰ ਦੀ ਟੀਮ ਇਕ ਸਰਕਾਰੀ ਆਵਾਸ ਯੋਜਨਾ ਦੇ ਸਰਵੇਖਣ ਲਈ ਇਲਾਕੇ ਦਾ ਦੌਰਾ ਕਰ ਰਹੀ ਸੀ। ਸੂਤਰਾਂ ਨੇ ਦੱਸਿਆ ਕਿ ਝੜਪਾਂ ਦੌਰਾਨ ਦੇਸੀ ਬਣੇ ਬੰਬਾਂ ਦੀ ਵੀ ਵਰਤੋਂ ਕੀਤੀ ਗਈ, ਜਿਸ 'ਚ 6 ਲੋਕ ਜ਼ਖਮੀ ਹੋ ਗਏ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਰੀ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਸੁਪਰਡੈਂਟ ਨਾਗੇਂਦਰਨਾਥ ਤ੍ਰਿਪਾਠੀ ਨੇ ਦੱਸਿਆ ਕਿ ਘਟਨਾ ਦੇ ਸਬੰਧ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋ ਹਥਿਆਰ ਜ਼ਬਤ ਕੀਤੇ ਗਏ ਹਨ। ਸਥਿਤੀ ਹੁਣ ਕਾਬੂ ਹੇਠ ਹੈ। ਇਸ ਮਾਮਲੇ 'ਤੇ ਟੀਐਮਸੀ ਦਾ ਬਿਆਨ ਵੀ ਆਇਆ ਹੈ। ਤ੍ਰਿਣਮੂਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਨੁਬਰਤਾ ਮੰਡਲ ਨੇ ਕਿਹਾ ਕਿ ਪਾਰਟੀ ਕਿਸੇ ਵੀ ਤਰ੍ਹਾਂ ਹਿੰਸਾ ਵਿੱਚ ਸ਼ਾਮਲ ਨਹੀਂ ਹੈ। ਇਹ ਕੋਈ ਸਿਆਸੀ ਟਕਰਾਅ ਨਹੀਂ ਸੀ, ਪੁਲਿਸ ਨੂੰ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। -PTC News