ਚੰਡੀਗੜ੍ਹ, 3 ਅਗਸਤ: ਭਾਰਤੀ ਵੇਟਲਿਫਟਰ ਵਿਕਾਸ ਠਾਕੁਰ ਨੇ ਮੰਗਲਵਾਰ ਨੂੰ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਪੁਰਸ਼ਾਂ ਦੇ 96 ਕਿਲੋ ਫਾਈਨਲ ਵਿੱਚ 346 ਕਿਲੋ ਦੇ ਲਿਫਟ ਨਾਲ ਚਾਂਦੀ ਦਾ ਤਗਮਾ ਜਿੱਤਿਆ। ਆਪਣੀ ਜਿੱਤ ਤੋਂ ਬਾਅਦ ਠਾਕੁਰ ਨੇ ਸਿੱਧੂ ਮੂਸੇਵਾਲੇ ਦੇ ਸਟਾਈਲ 'ਚ ਤਗਮੇ ਦੀ ਜਿੱਤ ਦਾ ਜਸ਼ਨ ਮਨਾਇਆ।
ਉਨ੍ਹਾਂ ਦੇ ਇਸ ਜਸ਼ਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵਿਕਾਸ ਦੀ ਸਨੈਚ ਸ਼੍ਰੇਣੀ ਵਿੱਚ ਪਹਿਲੀ ਕੋਸ਼ਿਸ਼ ਵਿੱਚ ਉਨ੍ਹਾਂ 149 ਕਿਲੋ ਅਤੇ ਦੂਜੀ ਕੋਸ਼ਿਸ਼ 'ਚ 153 ਕਿਲੋ ਭਾਰ ਚੁੱਕਿਆ। ਸਨੈਚ ਦੀ ਤੀਜੀ ਅਤੇ ਆਖਰੀ ਕੋਸ਼ਿਸ਼ ਵਿੱਚ ਉਨ੍ਹਾਂ 155 ਕਿਲੋ ਭਾਰ ਚੁੱਕ ਕੇ ਆਪਣੀ ਆਖਰੀ ਕੋਸ਼ਿਸ਼ ਵਿੱਚ ਹੋਰ ਸੁਧਾਰ ਕੀਤਾ।
ਉਸ ਲਿਫਟ ਨੇ ਵਿਕਾਸ ਨੂੰ ਫਿਜੀ ਦੀ ਤਾਨਿਏਲਾ ਤੁਇਸੁਵਾ ਰੇਨੀਬੋਗੀ ਦੇ ਨਾਲ ਤੀਜੇ ਸਥਾਨ 'ਤੇ ਪਹੁੰਚਾ ਦਿੱਤਾ। ਸਮੋਆਈ ਵੇਟਲਿਫਟਰ ਡੌਨ ਓਪੇਲੋਜ ਨੇ ਸਨੈਚ ਰਾਊਂਡ ਵਿੱਚ 171 ਕਿਲੋ ਭਾਰ ਚੁੱਕਿਆ, ਜੋ ਕਿ ਸ਼੍ਰੇਣੀ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਹੈ। ਕਲੀਨ ਐਂਡ ਜਰਕ 'ਚ ਵਿਕਾਸ ਨੇ 187 ਕਿਲੋ ਭਾਰ ਚੁੱਕਿਆ। ਦੂਜੀ ਕੋਸ਼ਿਸ਼ 'ਚ ਸਫਲਤਾਪੂਰਵਕ 191 ਕਿਲੋ ਭਾਰ ਚੁੱਕਿਆ। ਵਰਗ ਦੀ ਆਖਰੀ ਅਤੇ ਤੀਜੀ ਕੋਸ਼ਿਸ਼ ਵਿੱਚ ਉਹ 198 ਕਿਲੋ ਭਾਰ ਚੁੱਕਣ ਵਿੱਚ ਅਸਫਲ ਰਹੇ।
ਇਸ ਤੋਂ ਪਹਿਲਾਂ ਖੇਡਾਂ ਦੇ ਚੌਥੇ ਦਿਨ ਭਾਰਤੀ ਵੇਟਲਿਫਟਰ ਹਰਜਿੰਦਰ ਕੌਰ ਨੇ ਔਰਤਾਂ ਦੇ 71 ਕਿਲੋ ਫਾਈਨਲ ਵਿੱਚ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ। ਜਦੋਂ ਕਿ ਤੀਜੇ ਦਿਨ ਭਾਰਤੀ ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਪੁਰਸ਼ਾਂ ਦੇ 67 ਕਿਲੋ ਵੇਟਲਿਫਟਿੰਗ ਈਵੈਂਟ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਨਾਲ ਸੋਨ ਤਗਮਾ ਜਿੱਤਿਆ। ਜਦੋਂ ਕਿ ਅਚਿੰਤਾ ਸ਼ੇਉਲੀ ਨੇ 73 ਕਿਲੋ ਦੇ ਮੁਕਾਬਲੇ ਵਿੱਚ ਭਾਰਤ ਲਈ ਤੀਸਰੇ ਦਿਨ ਸੋਨਾ ਜਿੱਤਿਆ।
ਵਿਕਾਸ ਠਾਕੁਰ ਨੂੰ ਇਸ ਜਿੱਤ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, "ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੀ ਤਮਗਾ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ…96 ਕਿਲੋ ਵੇਟ ਲਿਫਟਿੰਗ ਦੇ ਮੁਕਾਬਲੇ ‘ਚ ਲੁਧਿਆਣੇ ਦੇ ਵਿਕਾਸ ਠਾਕੁਰ ਨੇ 346kg ਭਾਰ ਚੁੱਕਦੇ ਹੋਏ ਚਾਂਦੀ ਦਾ ਤਮਗਾ ਜਿੱਤਿਆ…ਬਹੁਤ-ਬਹੁਤ ਵਧਾਈਆਂ…ਮਿਹਨਤ ਜਾਰੀ ਰੱਖੋ…ਭਵਿੱਖ ਲਈ ਸ਼ੁਭਕਾਮਨਾਵਾਂ…ਸ਼ਾਬਾਸ਼।..........ਚੱਕਦੇ ਇੰਡੀਆ…!"
-PTC News