ਵਾਇਰਲ ਵੀਡੀਓ: ਮਾਮੂਲੀ ਟੱਕਰ ਮਗਰੋਂ ਪੁਲਿਸ ਮੁਲਾਜ਼ਮ ਦੀ ਬੇਰਹਿਮੀ ਨਾਲ ਕੁੱਟਮਾਰ, ਦੋਸ਼ੀ ਪੁਲਿਸ ਹਿਰਾਸਤ 'ਚ
ਇੰਦੌਰ, 10 ਅਪ੍ਰੈਲ 2022: ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸਾਹਮਣੇ ਆਏ ਇੱਕ ਵੀਡੀਓ ਵਿੱਚ ਇੱਕ ਸਥਾਨਕ ਵਿਅਕਤੀ ਦੁਆਰਾ ਇੱਕ ਪੁਲਿਸ ਮੁਲਾਜ਼ਮ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਵੀਡੀਓ ਵਿੱਚ ਪੁਲਿਸ ਕਾਂਸਟੇਬਲ ਦੀ ਪਛਾਣ ਜੈ ਪ੍ਰਕਾਸ਼ ਜੈਸਵਾਲ ਵਜੋਂ ਹੋਈ ਹੈ, ਜੋ ਆਪਣੀ ਪੁਲਿਸ ਵਰਦੀ ਵਿੱਚ ਹੈ, ਨੂੰ ਇੱਕ ਵਿਅਕਤੀ ਦੁਆਰਾ ਪੂਰੀ ਜਨਤਕ ਤੌਰ 'ਤੇ ਡੰਡੇ ਨਾਲ ਵਾਰ-ਵਾਰ ਕੁੱਟਿਆ ਜਾ ਰਿਹਾ ਹੈ।
ਇਹ ਘਟਨਾ ਇੰਦੌਰ ਦੇ ਵੈਂਕਟੇਸ਼ ਨਗਰ ਇਲਾਕੇ 'ਚ ਮਾਮੂਲੀ ਟੱਕਰ ਤੋਂ ਬਾਅਦ ਵਾਪਰੀ। ਜਿਸ ਮਗਰੋਂ ਮੁਲਜ਼ਮ ਨੇ ਪੁਲੀਸ ਮੁਲਾਜ਼ਮ ਤੋਂ ਡੰਡਾ ਲੈ ਕੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਦੋਸ਼ੀ ਵਿਅਕਤੀ ਦੀ ਪਛਾਣ 25 ਸਾਲਾ ਦਿਨੇਸ਼ ਪ੍ਰਜਾਪਤੀ ਵਜੋਂ ਹੋਈ ਹੈ, ਪੀੜਤ ਮੁਲਾਜ਼ਮ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਪੁਲਿਸ ਹਿਰਾਸਤ 'ਚ ਲੈ ਲਿਆ ਗਿਆ ਹੈ।
ਵਾਇਰਲ ਵੀਡੀਓ 'ਚ ਪੁਲਸ ਮੁਲਾਜ਼ਮ ਸੜਕ 'ਤੇ ਪਿਆ ਦਿਖਾਈ ਦੇ ਰਿਹਾ ਹੈ ਜਦੋਂ ਕਿ ਦਿਨੇਸ਼ ਉਸ ਨੂੰ ਵਾਰ-ਵਾਰ ਡੰਡੇ ਨਾਲ ਮਾਰ ਰਿਹਾ ਹੈ। ਸਿਪਾਹੀ ਫਿਰ ਵੀ ਸ਼ਾਂਤ ਭਰੇ ਤਰੀਕੇ ਨਾਲ ਦੂਰ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਦਿਨੇਸ਼ ਉਸ 'ਤੇ ਹਮਲਾ ਕਰਦਾ ਰਹਿੰਦਾ ਹੈ, ਜਿਸ ਨਾਲ ਜੈਸਵਾਲ ਦੇ ਸਿਰ 'ਤੇ ਵੀ ਸੱਟਾਂ ਲੱਗੀਆਂ। ਵੀਡੀਓ ਵਿੱਚ ਬਹੁਤ ਸਾਰੇ ਲੋਕ ਹਮਲੇ ਦੇ ਗਵਾਹ ਵੀ ਹਨ ਪਰ ਕੋਈ ਵੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕਰਦਾ।
ਸਹਾਇਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਰਾਜੀਵ ਸਿੰਘ ਭਦੌਰੀਆ ਨੇ ਦੱਸਿਆ ਕਿ ਮੁਲਜ਼ਮ ਸ਼ਰਾਬ ਦੇ ਨਸ਼ੇ ਅਧੀਨ ਸੀ ਅਤੇ ਬਾਈਕ 'ਤੇ ਸਵਾਰ ਸੀ ਜਦੋਂ ਉਸ ਨੇ ਸ਼ੁੱਕਰਵਾਰ ਨੂੰ ਏਅਰੋਡ੍ਰੌਮ ਥਾਣੇ ਦੀ ਸੀਮਾ ਅਧੀਨ ਕਾਂਸਟੇਬਲ ਜੈ ਪ੍ਰਕਾਸ਼ ਜੈਸਵਾਲ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਅਧਿਕਾਰੀ ਨੇ ਕਿਹਾ "ਦਿਨੇਸ਼ ਪ੍ਰਜਾਪਤੀ ਨੇ ਕਾਂਸਟੇਬਲ ਦਾ ਸਰਵਿਸ ਡੰਡਾ ਖੋਹ ਲਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ, ਇਸ ਤੋਂ ਪਹਿਲਾਂ ਮੁਲਾਜ਼ਮ ਨੇ ਦੋਸ਼ੀ ਨੂੰ ਧਿਆਨ ਨਾਲ ਬਾਈਕ ਚਲਾਉਣ ਦੀ ਗੱਲ ਆਖੀ ਸੀ।"