ਆਪ ਆਗੂ ਦੀ ਧੱਕੇਸ਼ਾਹੀ 'ਤੇ ਭੜਕੇ ਪਿੰਡ ਵਾਸੀ; ਲਾਭਪਾਤਰੀਆਂ ਨੂੰ ਜ਼ਬਰਦਸਤੀ ਨਿਰਧਾਰਤ ਤੋਂ ਘੱਟ ਕਣਕ ਵੰਡਣ ਦਾ ਮਾਮਲਾ

By  Jasmeet Singh May 8th 2022 09:57 AM -- Updated: May 8th 2022 10:06 AM

ਖਡੂਰ ਸਾਹਿਬ, 8 ਮਈ (ਰਵੀ ਖਹਿਰਾ): ਕੇਂਦਰ ਸਰਕਾਰ ਵੱਲੋਂ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵੰਡਣ ਲਈ ਆਈ ਮੁਫ਼ਤ ਕਣਕ ਨੂੰ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਰੱਤੋਕੇ ਦੇ ਆਮ ਆਦਮੀ ਪਾਰਟੀ ਦੇ ਸਬੰਧਿਤ ਆਗੂ ਰਣਜੀਤ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਦੇ ਗ੍ਰਹਿ ਵਿਖੇ ਵੰਡਣ ਮੌਕੇ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵੀ ਪੜ੍ਹੋ: ਹਿਮਾਚਲ ਵਿਧਾਨ ਸਭਾ ਦੇ ਮੁੱਖ ਗੇਟ 'ਤੇ ਲੱਗੇ ਖਾਲਿਸਤਾਨੀ ਝੰਡੇ  ਜਦੋਂ ਪਿੰਡ ਦੇ ਸੈਂਕੜੇ ਲਾਭਪਾਤਰੀ ਕਣਕ ਲੈਣ ਲਈ ਗਏ ਤਾਂ ਉੱਥੇ ਮੌਜੂਦ ਆਮ ਆਦਮੀ ਪਾਰਟੀ ਦਾ ਨੌਜਵਾਨ ਵਰਕਰ ਸਰਤਾਜ ਸਿੰਘ ਨੇ ਪੂਰੀ ਹੈਂਕੜ ਨਾਲ ਐਲਾਨਿਆ ਕਿ ਬੇਸ਼ੱਕ ਸਰਕਾਰ ਵੱਲੋਂ 20-20 ਕਿੱਲੋ ਕਣਕ ਪ੍ਰਤੀ ਜੀਅ ਆਈ ਹੈ ਪਰ ਅਸੀਂ ਕਟੌਤੀ ਕਰ ਕੇ ਤੁਹਾਨੂੰ 15-15 ਕਿੱਲੋ ਪ੍ਰਤੀ ਜੀਅ ਹੀ ਦੇਵਾਂਗੇ। ਜਦੋਂ ਪਿੰਡ ਦੇ ਲਾਭਪਾਤਰੀ ਅੜੇ ਰਹੇ ਕਿ ਇਹ ਪਹਿਲੀ ਵਾਰ ਹੋਇਆ ਕਿ ਗ਼ਰੀਬ ਪਰਿਵਾਰਾਂ 'ਤੇ ਇੰਨੀ ਕਟੌਤੀ ਸ਼ੁਰੂ ਕਰ ਦਿੱਤੀ ਹੋਵੇ ਤਾਂ ਉਨ੍ਹਾਂ ਵੱਲੋਂ ਬਥੇਰੀਆਂ ਮਿੰਨਤਾਂ ਤਰਲੇ ਵੀ ਕੀਤੇ ਗਏ। ਉਨ੍ਹਾਂ ਸਮਝਾਇਆ ਵੀ ਉਨ੍ਹਾਂ ਦੇ ਨਿਆਣੇ ਭੁੱਖੇ-ਭਾਣੇ ਰਹਿ ਜਾਣਗੇ ਤੇ ਉਨ੍ਹਾਂ ਨਾਲ ਇੰਜ ਜੱਗੋਂ ਤੇਰ੍ਹਵੀਂ ਨਾ ਕੀਤੀ ਜਾਵੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਿਕ ਡੀਪੂ ਹੋਲਡਰਾਂ ਤੇ ਫੂਡ ਸਪਲਾਈ ਇੰਸਪੈਕਟਰ ਨੂੰ ਸੱਦ ਕੇ ਸਾਡਾ ਹੱਕ ਸਾਨੂੰ ਦਿੱਤਾ ਜਾਵੇ। ਪਰ ਹਾਕਮ ਧਿਰ ਦੇ ਵਰਕਰ ਨਾ ਮੰਨੇ ਤੇ ਕਹਿੰਦੀ ਹੁਣ ਸਰਕਾਰ-ਦਰਬਾਰੇ ਸਾਡੀ ਹੀ ਚੱਲੇਗੀ ਇਹ ਗੱਲ ਸੁਣ ਕੇ ਪਿੰਡ ਦੀਆਂ ਦਰਜਨਾਂ ਔਰਤਾਂ ਬੱਚੇ ਤੇ ਪਿੰਡ ਦੇ ਵਿਅਕਤੀਆਂ ਨੇ ਉੱਥੇ ਹੀ ਰੌਲਾ ਪਾ ਦਿੱਤਾ ਤੇ ਹਾਕਮ ਧਿਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਮੌਕੇ 'ਤੇ ਹੀ ਪੱਤਰਕਾਰਾਂ ਦੀ ਟੀਮ ਨੂੰ ਸੱਦ ਲਿਆ ਗਿਆ ਤੇ ਆਪਣੇ ਨਾਲ ਹੋਈ ਧੱਕੇਸ਼ਾਹੀ ਤੇ ਸੀਨਾ-ਜ਼ੋਰੀ ਬਾਰੇ ਜਾਣੂ ਕਰਵਾਉਂਦਿਆਂ ਲਾਭਪਾਤਰੀਆਂ ਨੇ ਕਿਹਾ ਕਿ ਸਾਡੇ ਰੋਹ ਨੂੰ ਵੇਖਦੇ ਹੋਏ ਰਣਜੀਤ ਸਿੰਘ ਤੇ ਉਸ ਦੇ ਸਾਥੀਆਂ ਨੇ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਹਨ ਤੇ ਉਨ੍ਹਾਂ ਨੂੰ ਉੱਥੋਂ ਡਰਾ ਕੇ ਭਜਾਉਣ ਲਈ ਪੁਲਿਸ ਵੀ ਸੱਦ ਲਈ। ਪਰ ਸੈਂਕੜੇ ਪਿੰਡ ਵਾਸੀ ਧੱਕੇਸ਼ਾਹੀ ਖ਼ਿਲਾਫ਼ ਉਕਤ ਘਰ ਦੇ ਬੰਦ ਬੂਹੇ ਅੱਗੇ ਡਟੇ ਰਹੇ। ਜਦੋਂ ਇਸ ਸਬੰਧੀ ਫੂਡ ਸਪਲਾਈ ਇੰਸਪੈਕਟਰ ਹਰਪ੍ਰੀਤ ਸਿੰਘ ਨਾਲ ਫ਼ੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਨਾਂ ਡੀਪੂ ਹੋਲਡਰ ਤੋਂ ਕਣਕ ਦੇਣੀ ਬਹੁਤ ਗ਼ਲਤ ਗੱਲ ਹੈ ਤੇ ਮੈਂ ਹੁਣੇ ਹੀ ਰੋਕ ਲਗਵਾ ਦਿੱਤੀ ਹੈ। ਜਦੋਂ ਕਣਕ ਵੰਡ ਰਹੇ ਨੌਜਵਾਨ ਸਰਤਾਜ ਸਿੰਘ ਨੂੰ ਪੱਤਰਕਾਰਾਂ ਪੁੱਛਿਆ ਕਿ ਤੁਹਾਡੇ ਪਿੰਡ ਵਿੱਚ ਕੁੱਲ ਕਿੰਨੀ ਕਣਕ ਆਈ ਹੈ ਤਾਂ ਉਸ ਨੇ ਹਾਸੋ ਹੀਣਾ ਜਵਾਬ ਦਿੰਦਿਆਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ। ਜਦੋਂ ਪੱਤਰਕਾਰਾਂ ਨੇ ਉਸ ਨੂੰ ਸਵਾਲ ਪੁੱਛਿਆ ਕਿ ਤੁਸੀਂ ਕਿੰਨੀ ਕਣਕ ਵੰਡ ਰਹੇ ਹੋ ਤਾਂ ਉਸ ਨੇ ਕਿਹਾ ਕਿ ਅਸੀਂ ਆਪਣੀ ਮਰਜ਼ੀ ਮੁਤਾਬਿਕ ਵੱਧ ਘੱਟ ਕਣਕ ਵੰਡਾਂਗੇ। ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਤੇ ਸਬੰਧਿਤ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਸਿਆਸੀ ਦਖ਼ਲ ਅੰਦਾਜ਼ੀ ਬੰਦ ਕਰ ਕੇ ਡੀਪੂ ਹੋਲਡਰਾਂ ਦੇ ਅਧੀਨ ਕਣਕ ਵੰਡੀ ਜਾਵੇ। ਇਹ ਵੀ ਪੜ੍ਹੋ: ਗਾਇਕਾ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ਨਾਲ ਕੰਬਿਆ ਪਟਨਾ ਸ਼ਹਿਰ ਹਾਰ ਕੇ ਪਿੰਡ ਦੇ ਸੈਂਕੜੇ ਲੋਕ ਨਿਰਾਸ਼ ਹੋ ਕੇ ਮੌਜੂਦਾ ਸਰਕਾਰ ਦੀਆਂ ਗ਼ਲਤ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਵਾਪਸ ਘਰਾਂ ਨੂੰ ਮੁੜ ਗਏ। -PTC News

Related Post