ਵਿਜੀਲੈਂਸ ਵੱਲੋਂ ਸੰਗਰੂਰ ’ਚ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਘੁਟਾਲੇ ਦਾ ਪਰਦਾਫਾਸ਼

By  Pardeep Singh August 19th 2022 01:40 PM -- Updated: August 19th 2022 01:45 PM

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਰਿਜ਼ਨਲ ਟਰਾਂਸਪੋਰਟ ਅਥਾਰਟੀ (RTA) ਦਫਤਰ ਸੰਗਰੂਰ ਵਿੱਚ ਇੱਕ ਵੱਡੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਆਰ.ਟੀ.ਏ., ਮੋਟਰ ਵਹੀਕਲ ਇੰਸਪੈਕਟਰ , ਦੋ ਕਲਰਕਾਂ, ਦੋ ਵਿਚੋਲਿਆਂ ਅਤੇ ਪ੍ਰਾਈਵੇਟ ਏਜੰਟਾਂ ਦੇ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਨੇ ਦਫਤਰ ਦੇ ਦੋ ਮੁਲਾਜ਼ਮਾਂ ਅਤੇ ਇੱਕ ਵਿਚੋਲੇ ਨੂੰ ਗ੍ਰਿਫ਼ਤਾਰ ਕੀਤਾ ਹੈ।  ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਘਪਲੇ ਵਿੱਚ ਆਰ.ਟੀ.ਏ. ਸੰਗਰੂਰ, ਐਮ.ਵੀ.ਆਈ., ਉਹਨਾਂ ਦਾ ਅਮਲਾ ਅਤੇ ਪ੍ਰਾਈਵੇਟ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜੋ ਰਾਜ ਸਰਕਾਰ ਦੇ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਨ ਦੀ ਥਾਂ ਇੱਕ ਦੂਜੇ ਨਾਲ ਮਿਲ ਕੇ ਵੱਖ-ਵੱਖ ਕਿਸਮਾਂ ਦੇ ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਬਦਲੇ ਸੂਬੇ ਵਿੱਚ ਕੰਮ ਕਰ ਰਹੇ ਵੱਖ-ਵੱਖ ਏਜੰਟਾਂ ਤੋਂ ਰਿਸ਼ਵਤਾਂ ਲੈਂਦੇ ਸਨ। ਉਨ੍ਹਾਂ ਦੱਸਿਆ ਹੈ ਕਿ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਅਨੁਸਾਰ ਸਾਰੇ ਵਪਾਰਕ ਵਾਹਨਾਂ ਨੂੰ ਸੜਕਾਂ ’ਤੇ ਚੱਲਣ ਲਈ ਆਰਟੀਏ ਦਫ਼ਤਰ ਤੋਂ ਫਿਟਨੈੱਸ ਸਰਟੀਫਿਕੇਟ ਲੈਣਾ ਪੈਂਦਾ ਹੈ ਅਤੇ ਅਜਿਹੇ ਸਾਰੇ ਵਾਹਨਾਂ ਨੂੰ ਦਸਤਾਵੇਜਾਂ ਸਮੇਤ ਐਮ.ਵੀ.ਆਈ. ਦੁਆਰਾ ਆਪਣੇ ਦਫਤਰ ਵਿਖੇ ਮੌਕੇ ’ਤੇ ਨਿਰੀਖਣ ਕਰਨਾ ਹੁੰਦਾ ਹੈ। ਘਪਲੇ ਦੀ ਰੂਪਰੇਖਾ ਦਾ ਖੁਲਾਸਾ ਕਰਦਿਆਂ ਉਨਾਂ ਕਿਹਾ ਕਿ ਇਹ ਅਧਿਕਾਰੀ ਏਜੰਟਾਂ ਅਤੇ ਵਿਚੋਲਿਆਂ ਦੀ ਮਿਲੀਭੁਗਤ ਨਾਲ ਵਾਹਨਾਂ ਦੀ ਮੌਕੇ ’ਤੇ ਫਿਜ਼ੀਕਲ ਵੈਰੀਫਿਕੇਸਨ ਕੀਤੇ ਬਿਨਾਂ ਹੀ ਵਾਹਨ ਦੇ ਮਾਡਲ ਦੇ ਹਿਸਾਬ ਨਾਲ 2800 ਰੁਪਏ ਤੋਂ ਲੈ ਕੇ 1000 ਰੁਪਏ ਪ੍ਰਤੀ ਵਾਹਨ ਰਿਸ਼ਵਤ ਦੇ ਬਦਲੇ ਫਿਟਨੈੱਸ ਸਰਟੀਫਿਕੇਟ ਜਾਰੀ ਕਰਦੇ ਆ ਰਹੇ ਹਨ। ਇਸ ਤਰ੍ਹਾਂ ਆਰ.ਟੀ.ਏ ਅਤੇ ਐੱਮ.ਵੀ.ਆਈ. ਵੱਲੋਂ ਨਿਰਧਾਰਿਤ ਸਥਾਨ ’ਤੇ ਵਾਹਨ ਖੜੇ ਕਰਵਾਉਣ ਦੀ ਥਾਂ ਅਤੇ ਉਨਾਂ ਦੀ ਮੌਕੇ ’ਤੇ ਭੌਤਿਕ ਜਾਂਚ ਕੀਤੇ ਬਿਨ੍ਹਾਂ ਹੀ ਦਸਤਾਵੇਜਾਂ ਦੇ ਆਧਾਰ ’ਤੇ ਵਾਹਨਾਂ ਨੂੰ ਪਾਸ ਕੀਤਾ ਜਾ ਰਿਹਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਅਧਾਰ ’ਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਐਮ.ਵੀ.ਆਈ ਸੰਗਰੂਰ ਦੇ ਦਫ਼ਤਰ ਦੀ ਅਚਨਚੇਤ ਜਾਂਚ ਕੀਤੀ ਜਿਸ ਵਿੱਚ ਇਸ ਘੁਟਾਲੇ ਦੀਆਂ ਪਰਤਾਂ ਖੁੱਲੀਆਂ। ਇਸ ਮਾਮਲੇ ’ਚ ਵਿਜੀਲੈਂਸ ਬਿਊਰੋ ਨੇ ਮੌਕੇ ’ਤੇ ਹੀ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ’ਚ ਧਰਮਿੰਦਰ ਪਾਲ ਉਰਫ ਬੰਟੀ (ਏਜੰਟ) ਵਾਸੀ ਸੰਗਰੂਰ, ਕਲਰਕ ਗੁਰਚਰਨ ਸਿੰਘ ਅਤੇ ਡਾਟਾ ਐਂਟਰੀ ਆਪਰੇਟਰ ਜਗਸੀਰ ਸਿੰਘ ਤੋਂ ਇਲਾਵਾ ਕਰੀਬ 40 ਹਜਾਰ ਰੁਪਏ ਰਿਸ਼ਵਤ ਦੀ ਰਾਸ਼ੀ ਅਤੇ ਘੁਟਾਲੇ ਨਾਲ ਸਬੰਧਿਤ ਕਈ ਦਸਤਾਵੇਜ ਵੀ ਬਰਾਮਦ ਕੀਤੀ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਰਵਿੰਦਰ ਸਿੰਘ ਗਿੱਲ ਆਰ.ਟੀ.ਏ., ਮਹਿੰਦਰ ਪਾਲ ਐੱਮ.ਵੀ.ਆਈ., ਗੁਰਚਰਨ ਸਿੰਘ ਕਲਰਕ, ਜਗਸੀਰ ਸਿੰਘ ਡਾਟਾ ਐਂਟਰੀ ਆਪਰੇਟਰ, ਧਰਮਿੰਦਰ ਪਾਲ ਉਰਫ ਬੰਟੀ ਅਤੇ ਸੁਖਵਿੰਦਰ ਸੁੱਖੀ ਦੋਵੇਂ ਵਿਚੋਲੇ ਅਤੇ ਹੋਰ ਪ੍ਰਾਈਵੇਟ ਏਜੰਟਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿੱਚ ਐਫ.ਆਈ.ਆਰ ਨੰਬਰ 19 ਮਿਤੀ 18-08-2022 ਧਾਰਾ 420, 120-ਬੀ ਆਈ.ਪੀ.ਸੀ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਕੀਤੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਘੁਟਾਲਾ ਪਿਛਲੇ 7-8 ਸਾਲਾਂ ਤੋਂ ਚੱਲ ਰਿਹਾ ਸੀ ਅਤੇ ਹਰ ਮਹੀਨੇ 2000-2500 ਤੋਂ ਵੱਧ ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਸਨ ਜਦਕਿ ਕਿ ਇੱਕ ਵਿਅਕਤੀ ਵੱਲੋਂ ਇੰਨੇ ਸਮੇਂ ਵਿੱਚ ਇੰਨੀ ਵੱਡੀ ਗਿਣਤੀ ’ਚ ਵਾਹਨਾਂ ਦਾ ਮੌਕੇ ’ਤੇ ਮੁਆਇਨਾ ਕਰਨਾ ਸੰਭਵ ਨਹੀਂ ਹੈ। ਇਹ ਵੀ ਪੜ੍ਹੋ:ਮਨੀਸ ਸਿਸੋਦੀਆ ਦੇ ਘਰ ਸੀਬੀਆਈ ਦੀ ਛਾਪੇਮਾਰੀ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਮੋਦੀ ਨੂੰ ਘੇਰਿਆ -PTC News

Related Post