ਬਦੀ 'ਤੇ ਨੇਕੀ ਦੀ ਜਿੱਤ, ਹਰ ਥਾਂ 'ਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ, ਕੀਤੇ ਗਏ ਵਿਸ਼ੇਸ਼ ਪ੍ਰਬੰਧ
Dussehra 2022: ਕੋਰੋਨਾ ਦੇ ਦੌਰ 'ਚ 2 ਸਾਲ ਬਿਤਾਉਣ ਤੋਂ ਬਾਅਦ ਇਸ ਵਾਰ ਚੰਡੀਗੜ੍ਹ 'ਚ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾਵੇਗਾ। ਸ਼ਹਿਰ 'ਚ ਕਈ ਥਾਵਾਂ 'ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਸੈਕਟਰ-17 ਪਰੇਡ ਗਰਾਊਂਡ 'ਚ 65 ਫੁੱਟ ਦੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ 60-60 ਫੁੱਟ ਦੇ ਹੋਣਗੇ। ਬੁਰਾਈ 'ਤੇ ਚੰਗਿਆਈ ਦੇ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਦੇਸ਼ ਭਰ 'ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਇਸ ਦੇ ਲਈ ਦੇਸ਼ ਭਰ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਥਾਂ-ਥਾਂ 10 ਦਿਨਾਂ ਤੋਂ ਚੱਲ ਰਹੀ ਰਾਮਲੀਲਾ ਹੁਣ ਆਪਣੇ ਆਖਰੀ ਮੁਕਾਮ 'ਤੇ ਹੈ। ਚੰਡੀਗੜ੍ਹ ਦੇ ਸੈਕਟਰ 17 ਸਥਿਤ ਪਰੇਡ ਗਰਾਊਂਡ ਵਿੱਚ ਚੱਲ ਰਹੀ ਰਾਮਲੀਲਾ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪੀਟੀਸੀ ਨਿਊਜ਼ ਨੇ ਇਸ ਰਾਮਲੀਲਾ ਦੇ ਕਲਾਕਾਰਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਰਾਵਣ ਨੇ ਪੀਟੀਸੀ ਨਿਊਜ਼ ਦਾ ਵੀ ਧੰਨਵਾਦ ਕੀਤਾ ਕਿ ਰਾਤ 1 ਵਜੇ ਵੀ ਉਹ ਰਾਮਲੀਲਾ ਦੇ ਕਲਾਕਾਰਾਂ ਦੀ ਮਿਹਨਤ ਨੂੰ ਦੁਨੀਆ ਦੇ ਸਾਹਮਣੇ ਲਿਆ ਰਹੇ ਹਨ। ਇਸ ਮੌਕੇ ਸਮੂਹ ਕਲਾਕਾਰਾਂ ਨੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਗਰੀਨ ਪਟਾਕੇ ਚਲਾਉਣ ਦਾ ਸੁਨੇਹਾ ਵੀ ਦਿੱਤਾ।