ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਹੋਰਾਂ ਦੇ ਦਿੱਗਜਾਂ ਨੇ ਕਬੂਲੀ ਹਾਰ, 'ਆਪ' ਨੂੰ ਦਿੱਤੀਆਂ ਜਿੱਤ ਦੀਆਂ ਵਧਾਈਆਂ

By  Jasmeet Singh March 10th 2022 03:55 PM

ਚੰਡੀਗੜ੍ਹ: ਪੰਜਾਬ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਜਿਥੇ ਪੰਜਾਬ ਦੇ ਲੋਕਾਂ ਨੇ ਇਸ ਵਾਰਾਂ ਸਾਰੀਆਂ ਹੀ ਪਾਰਟੀਆਂ ਦੇ ਵੱਡੇ ਦਿੱਗਜਾਂ ਨੂੰ ਕਰਾਰੀ ਹਾਰ ਵਿਖਾਈ ਹੈ ਉਥੇ ਹੀ ਸਾਰੇ ਹੀ ਦਿੱਗਜਾਂ ਨੇ ਬੜੀ ਹੀ ਨਿਮਰਤਾ ਨਾਲ ਆਪਣੀ ਹਾਰ ਨੂੰ ਕਬੂਲ ਕਰਦਿਆਂ ਆਮ ਆਦਮੀ ਪਾਰਟੀ ਨੂੰ ਵਧਾਈ ਦਿੱਤੀ ਹੈ ਅਤੇ ਪੰਜਾਬ ਦੀ ਅਵਾਮ ਦਾ ਫਤਵਾ ਸਿਰ ਮੱਥੇ ਕਬੂਲ ਕਰ ਲਿਆ ਹੈ। ਆਓ ਤੁਹਾਨੂੰ ਵਿਖਾਉਂਦੇ ਹਾਂ ਕਿਹੜੇ ਦਿੱਗਜ ਨੇ ਕੀ ਪ੍ਰਤੀਕ੍ਰਿਆ ਦਿੱਤੀ ਹੈ। ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਹੌਟ ਸੀਟ ਅੰਮ੍ਰਿਤਸਰ ਪੂਰਬੀ ਤੋਂ ਹਾਰਨ ਵਾਲੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 'ਕੂ' (Koo) ਕਰਦਿਆਂ ਲਿਖਿਆ "ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੈ। ਪੰਜਾਬ ਦੇ ਲੋਕਾਂ ਦੇ ਫਤਵੇ ਨੂੰ ਨਿਮਰਤਾ ਸਹਿਤ ਪ੍ਰਵਾਨ ਕਰਦਾਂ। ਆਪ ਨੂੰ ਮੁਬਾਰਕਾਂ !!!" ਅਗਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੋ ਕੀ ਹਲਕਾ ਜਲਾਲਾਬਾਦ ਤੋਂ ਹਾਰ ਗਏ ਹਨ, ਆਪਣੀ ਹਾਰ ਨੂੰ ਬੜੀ ਹੀ ਨਿਮਰਤਾ ਸਹਿਤ ਕਬੂਲ ਕਰਦਿਆਂ ਉਹ ਲਿਖਦੇ ਨੇ "ਅਸੀਂ ਪੂਰੇ ਦਿਲ ਨਾਲ ਅਤੇ ਪੂਰੀ ਨਿਮਰਤਾ ਨਾਲ ਪੰਜਾਬੀਆਂ ਵੱਲੋਂ ਦਿੱਤੇ ਫਤਵੇ ਨੂੰ ਸਵੀਕਾਰ ਕਰਦੇ ਹਾਂ। ਮੈਂ ਲੱਖਾਂ ਪੰਜਾਬੀਆਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੇ 'ਤੇ ਭਰੋਸਾ ਕੀਤਾ, ਉਨ੍ਹਾਂ ਜੋ ਭੂਮਿਕਾ ਸਾਨੂੰ ਸੌਂਪੀ ਹੈ, ਅਸੀਂ ਉਨ੍ਹਾਂ ਦੀ ਨਿਮਰਤਾ ਨਾਲ ਸੇਵਾ ਕਰਦੇ ਰਹਾਂਗੇ।"

ਇਸਤੋਂ ਬਾਅਦ ਗੱਲ ਕਰੀਏ ਤਾਂ ਕਾਂਗਰਸ ਤੋਂ ਬਾਗੀ ਹੋਏ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਆਪਣੀ ਖੁਦ ਦੀ ਨਵੀਂ ਪਾਰਟੀ ਬਣਾਈ ਅਤੇ ਪਟਿਆਲਾ ਸ਼ਹਿਰੀ 'ਚ ਆਪਣਾ ਦਬਦਬਆ ਰੱਖਣ ਵਾਲੇ ਇੱਕ ਪ੍ਰਸਿੱਧ ਸਿਆਸਤਦਾਨ ਹਨ ਉਹ ਵੀ ਆਪਣੇ ਹਲਕੇ ਤੋਂ ਹਾਰ ਗਏ ਹਨ, ਇਸ ਹਾਰ 'ਤੇ ਉਨ੍ਹਾਂ ਲਿਖਿਆ "ਮੈਂ ਲੋਕਾਂ ਦੇ ਫੈਸਲੇ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਲੋਕਤੰਤਰ ਦੀ ਜਿੱਤ ਹੋਈ ਹੈ। ਪੰਜਾਬੀਆਂ ਨੇ ਭੇਦ-ਭਾਵ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਵੋਟਾਂ ਪਾ ਕੇ ਪੰਜਾਬੀਅਤ ਦੀ ਅਸਲੀ ਭਾਵਨਾ ਦਿਖਾਈ ਹੈ। ਆਪ ਪੰਜਾਬ ਅਤੇ ਭਗਵੰਤ ਮਾਨ ਨੂੰ ਮੁਬਾਰਕਾਂ।" ਕੈਪਟਨ ਅਮਰਿੰਦਰ ਸਿੰਘ ਦੋ ਵਾਰਾਂ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਹਨ। ਪੰਜਾਬ ਦੇ ਮੌਜੂਦਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕੀ ਦੋ ਥਾਵਾਂ ਤੋਂ ਚੋਣ ਲੜ ਰਹੇ ਸਨ ਪਹਿਲੀ ਚਮਕੌਰ ਸਾਹਿਬ ਤੋਂ ਦੂਜੀ ਭਦੌੜ ਤੋਂ ਉਹ ਦੋਵੇਂ ਹੀ ਹਲਕਿਆਂ ਤੋਂ ਚੋਣ ਹਾਰ ਚੁੱਕੇ ਹਨ। ਇਸੀ ਦੇ ਨਾਲ ਉਨ੍ਹਾਂ ਆਪਣੀ ਹਾਰ ਨੂੰ ਕਬੂਲ ਕਰਦਿਆਂ ਜਨਤਾ ਦੇ ਨਾਂਅ ਕੁੱਝ ਇਸ ਤਰ੍ਹਾਂ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕੀ "ਮੈਂ ਪੰਜਾਬ ਦੇ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ ਅਤੇ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਵਧਾਈ ਦਿੰਦਾ ਹਾਂ। ਜਿੱਤ ਲਈ ਭਗਵੰਤ ਮਾਨ ਜੀ ਨੂੰ ਵਧਾਈ। ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਗੇ।" ਫਿਲਹਾਲ ਚੋਣਾਂ ਦੀ ਗਿਣਤੀ ਅਜੇ ਵੀ ਚਲ ਰਹੀ ਹੈ ਜਿਥੋਂ ਹੋਰ ਵੀ ਕਈ ਵੱਡੀਆਂ ਖਬਰਾਂ ਆ ਰਹੀਆਂ ਹਨ ਇਨ੍ਹਾਂ ਖਬਰਾਂ ਨੂੰ ਵੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਅਤੇ ਪੰਜਾਬ ਚੋਣਾਂ 2022 ਦੀਆਂ ਲਾਈਵ ਅਪਡੇਟਸ ਲਈ ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਵੀ ਕਲਿੱਕ ਕਰ ਸਕਦੇ ਹੋ। ਇਹ ਵੀ ਪੜ੍ਹੋ: Punjab Election Result 2022 Live Updates: 'ਆਪ' ਨੇ ਪੰਜਾਬ 'ਚ ਫੇਰਿਆ ਜਿੱਤ ਦਾ ਝਾੜੂ -PTC News

Related Post