ਚੰਡੀਗੜ੍ਹ, 27 ਅਗਸਤ: ਭਾਰਤ ਦੀ ਲੋਕੋਮੋਟਿਵ ਰਹਿਤ ਰੇਲਗੱਡੀ 'ਵੰਦੇ ਭਾਰਤ ਐਕਸਪ੍ਰੈਸ' (Vande Bharat Express) ਨੇ ਸ਼ੁੱਕਰਵਾਰ ਨੂੰ ਆਯੋਜਿਤ ਤਾਜ਼ਾ ਅਜ਼ਮਾਇਸ਼ 'ਚ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹਾਸਲ ਕੀਤੀ। ਇਸ ਵੰਦੇ ਭਾਰਤ ਟਰੇਨ ਦਾ ਟ੍ਰਾਇਲ (Trail) ਰਾਜਸਥਾਨ ਦੇ ਕੋਟਾ ਅਤੇ ਮੱਧ ਪ੍ਰਦੇਸ਼ ਦੇ ਨਾਗਦਾ ਸੈਕਸ਼ਨ ਵਿਚਕਾਰ ਹੋਇਆ। ਜਿਸਦੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ (Railway Minister Ashwini Vaishnaw) ਨੇ ਟਵਿੱਟਰ 'ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।
ਇੱਕ ਮਿੰਟ ਲੰਬੇ ਇਸ ਵੀਡੀਓ ਕਲਿੱਪ ਵਿੱਚ ਸਪੀਡੋਮੀਟਰ 'ਤੇ ਰੀਡਿੰਗ 180 ਤੋਂ 183 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਵੇਖੀ ਜਾ ਸਕਦੀ ਹੈ। ਹੇਠਾਂ ਦਿੱਤੀ ਇੱਕ ਹੋਰ ਵੀਡੀਓ ਵਿਚ ਵੇਖੋ ਕਿਵੇਂ ਫੋਨ ਐਪਲੀਕੇਸ਼ਨ ਦੀ ਵਰਤੋਂ ਕਰਦਿਆਂ ਟਰੇਨ ਦੀ ਸਪੀਡ ਨੂੰ ਨਾਪਿਆ ਗਿਆ ਜਦੋਂ ਕਿ ਦੂਜੇ ਪਾਸੇ ਨੱਕੋ ਨੱਕ ਪਾਣੀ ਨਾਲ ਭਰੇ ਗਲਾਸ ਵਿਚੋਂ ਇਨ੍ਹੀ ਰਫਤਾਰ ਹੋਣ ਦੇ ਬਾਵਜੂਦ ਪਾਣੀ ਦਾ ਇੱਕ ਤੁਪਕਾ ਵੀ ਨਹੀਂ ਡਿੱਗਦਾ।
ਸਾਲ 2022 ਦੇ ਕੇਂਦਰੀ ਬਜਟ ਵਿੱਚ ਸਰਕਾਰ ਨੇ ਅਗਲੇ ਤਿੰਨ ਸਾਲਾਂ ਵਿੱਚ 400 ਵੰਦੇ ਭਾਰਤ ਟਰੇਨਾਂ (Vande Bharat Train) ਨੂੰ ਪੇਸ਼ ਕਰਨ ਦੀ ਆਪਣੀ ਯੋਜਨਾ ਦੀ ਰੂਪਰੇਖਾ ਤਿਆਰ ਕੀਤੀ ਸੀ। ਇਹ ਭਾਰਤ ਦੀਆਂ ਪਹਿਲੀਆਂ ਸਵਦੇਸ਼ੀ ਅਰਧ-ਹਾਈ-ਸਪੀਡ ਰੇਲ ਗੱਡੀਆਂ ਹਨ। ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਫਰਵਰੀ 2019 ਵਿੱਚ ਨਵੀਂ ਦਿੱਲੀ ਤੋਂ ਵਾਰਾਣਸੀ ਰੂਟ 'ਤੇ ਸ਼ੁਰੂ ਕੀਤੀ ਗਈ ਸੀ।
ਇਨ੍ਹਾਂ ਟਰੇਨਾਂ ਆਟੋਮੈਟਿਕ ਦਰਵਾਜ਼ੇ, ਆਨ-ਬੋਰਡ ਹੌਟਸਪੌਟ ਵਾਈ-ਫਾਈ, ਜੀਪੀਐਸ ਅਧਾਰਤ ਆਡੀਓ-ਵਿਜ਼ੂਅਲ ਯਾਤਰੀ ਸੂਚਨਾ ਪ੍ਰਣਾਲੀ ਅਤੇ ਬਾਇਓ-ਵੈਕਿਊਮ ਟਾਇਲਟ ਸਮੇਤ ਬਹੁਤ ਸਾਰੀਆਂ ਉੱਨਤ ਵਿਸ਼ੇਸ਼ਤਾਵਾਂ ਨਾਲ ਲੈਸ ਹਨ। ਸਰਕਾਰ ਦਾ ਕਹਿਣਾ ਕਿ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਦਾ ਉਦੇਸ਼ ਯਾਤਰੀਆਂ ਨੂੰ ਯਾਤਰਾ ਦਾ ਬਿਲਕੁਲ ਨਵਾਂ ਅਨੁਭਵ ਪ੍ਰਦਾਨ ਕਰਨਾ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਸ਼ਟਰਮੰਡਲ ਖੇਡਾਂ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ
-PTC News