ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਘੇਰੀ ਸਿੱਖਿਆ ਮੰਤਰੀ ਦੀ ਕੋਠੀ
ਬਰਨਾਲਾ: ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਧਰਨਾ ਲਾਇਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ। ਇਸ ਪ੍ਰਦਰਸ਼ਨ ਕਰਕੇ ਪੁਲਿਸ ਨੇ ਸਿੱਖਿਆ ਮੰਤਰੀ ਦੀ ਕੋਠੀ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ। ਪੁਲਿਸ ਨੇ ਸੀਸੀਟੀਵੀ ਤੇ ਵਾਟਰ ਕੈਨਨ ਵਾਲੇ ਵਾਹਨ ਵੀ ਤਾਇਨਾਤ ਕੀਤੇ।
ਇਸ ਦੌਰਾਨ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਕੋਲ ਪਾਣੀ ਵਾਲੀ ਟੈਂਕੀ 'ਤੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਆਏ ਸੀ। ਉਨ੍ਹਾਂ ਵਾਅਦਾ ਕੀਤਾ ਸੀ ਕਿ ਆਪ ਦੀ ਸਰਕਾਰ ਬਣਨ 'ਤੇ ਉਹ ਉਨ੍ਹਾਂ ਦੀ ਮੈਰਿਟ ਲਿਸਟ ਜਾਰੀ ਕਰ ਦੇਣਗੇ।
ਇਹ ਵੀ ਪੜ੍ਹੋ : ਰਾਜਾਸਾਂਸੀ ਦੇ ਧਰਮਕੋਟ ਬੇਅਦਬੀ ਮਾਮਲੇ ਤਿੰਨ ਜਣੇ ਗ੍ਰਿਫ਼ਤਾਰ
ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਉਹ ਫੈਸਲਾ ਜਿੱਤ ਚੁੱਕੇ ਹਨ ਪਰ ਹੁਣ ਸਿੱਖਿਆ ਮੰਤਰੀ ਮੀਤ ਹੇਅਰ ਉਨ੍ਹਾਂ ਨਾਲ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਹਨ। ਇਸ ਲਈ ਉਹ ਅੱਜ ਮੰਤਰੀ ਮੀਤ ਹੇਅਰ ਨੂੰ ਵਾਅਦਾ ਯਾਦ ਕਰਵਾਉਣ ਆਏ ਹਨ।
ਗੌਰਤਲਬ ਹੈ ਕਿ ਬੀਤੇ ਦਿਨੀ ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਆਪਣੀਆਂ ਮੰਗਾਂ ਮਨਵਾਉਣ ਲਈ ਐਤਵਾਰ ਨੂੰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਦਾ ਘਿਰਾਓ ਕਰਨ ਪੁੱਜੀ ਸੀ । ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਪੁਲਿਸ ਵੱਲੋਂ ਕੀਤੀ ਗਈ ਬੈਰੀਕੇਟਿੰਗ ਤੋੜ ਕੇ ਅੱਗੇ ਵਧਣ ਦਾ ਯਤਨ ਕਰ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ। ਇਸ ਦੌਰਾਨ ਪੁਲਿਸ ਨਾਲ ਉਨ੍ਹਾਂ ਦੀ ਤਕਰਾਰਬਾਜ਼ੀ ਹੋ ਗਈ ਅਤੇ ਮੌਕੇ ’ਤੇ ਕਾਫੀ ਹੰਗਾਮਾ ਹੋ ਗਿਆ ਸੀ।