ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਮੁਜ਼ਾਹਰੇ ਕਰ ਰਹੇ ਬੇਰੁਜ਼ਗਾਰਾਂ ਨਾਲ ਪੁਲਿਸ ਨੇ ਕੀਤੀ ਖਿੱਚ-ਧੂਹ
ਸੰਗਰੂਰ : ਅੱਜ ਸੰਗਰੂਰ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਮੁਜ਼ਾਹਰੇ ਕਰ ਰਹੇ ਬੇਰੁਜ਼ਗਾਰਾਂ ਨਾਲ ਪੁਲਿਸ ਨੇ ਖਿੱਚ-ਧੂਹ ਕੀਤੀ। ਇਸ ਨਾਲ ਇਥੇ ਸਥਿਤੀ ਤਣਾਅਪੂਰਨ ਬਣ ਗਈ। ਬੇਰੁਜ਼ਗਾਰ 646 ਪੀਟੀਆਈ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਇਸ ਦੌਰਾਨ ਪੁਲਿਸ ਨੇ ਯੂਨੀਅਨ ਨੂੰ ਰੋਕਣ ਲਈ ਬੈਰੀਕੇਡ ਲਾਏ ਹੋਏ ਸਨ। ਇਸ ਦੇ ਬਾਵਜੂਦ ਬੇਰੁਜ਼ਗਾਰਾਂ ਦੇ ਅੱਗੇ ਵਧਣ ਕਾਰਨ ਯੂਨੀਅਨ ਵਰਕਰਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਹੱਥੋਪਾਈ ਹੋ ਗਈ। ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੇ ਬੈਰੀਕੇਡ ਪਾਰ ਕਰ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਇਕ ਬੇਰੁਜ਼ਗਾਰ ਅਧਿਆਪਕ ਸ਼ਿੰਦਰਪਾਲ ਸਿੰਘ ਦੀ ਹਾਲਤ ਵਿਗੜ ਗਈ, ਜਿਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਜਦਕਿ ਬਾਕੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਇਸ ਝਗੜੇ 'ਚ ਏਐਸਆਈ ਮੱਖਣ ਸਿੰਘ ਵੀ ਜ਼ਖ਼ਮੀ ਹੋ ਗਿਆ, ਉਸ ਦੇ ਗੋਡੇ ਉਤੇ ਸੱਟ ਲੱਗੀ ਹੈ। ਨਾਅਰੇਬਾਜ਼ੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਲਾਭ ਸਿੰਘ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ।
ਪੀਟੀਆਈ ਬੇਰੁਜ਼ਗਾਰ ਯੂਨੀਅਨ ਦੀ ਭਰਤੀ ਮੁਕੰਮਲ ਨਹੀਂ ਹੋ ਰਹੀ। ਵਿਧਾਨ ਸਭਾ ਚੋਣਾਂ ਦੌਰਾਨ ਯੂਨੀਅਨ ਮੈਂਬਰਾਂ ਸਿੱਪੀ ਸ਼ਰਮਾ, ਗਗਨ ਮਾਨਸਾ ਤੇ ਇਕਬਾਲ ਮਾਨਸਾ ਨੇ ਮੰਗਾਂ ਦੇ ਹੱਲ ਲਈ ਮੁਹਾਲੀ 'ਚ ਪਾਣੀ ਦੀ ਟੈਂਕੀ ਉਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਸੀ, ਉਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਨੇ ਮੈਂਬਰਾਂ ਨੂੰ ਹੇਠਾਂ ਉਤਾਰ ਕੇ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਸੀ। ਸਰਕਾਰ ਬਣਨ ਤੋਂ ਬਾਅਦ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਦੱਸਿਆ ਕਿ ਲੋਕ ਸਭਾ ਸੰਗਰੂਰ ਚੋਣਾਂ 'ਚ ਵੀ ਦੋ ਲੜਕੀਆਂ ਸੰਗਰੂਰ ਦੀ ਪਾਣੀ ਵਾਲੀ ਟੈਂਕੀ ਉਤੇ ਚੜ੍ਹੀਆਂ ਸਨ, ਉਦੋਂ ਵੀ ਸਿੱਖਿਆ ਮੰਤਰੀ ਮੀਤ ਹੇਅਰ ਤੇ ਵਿਧਾਇਕਾ ਨੀਨਾ ਮਿੱਤਲ ਨੇ ਉਨ੍ਹਾਂ ਨੂੰ ਭਰੋਸੇ 'ਚ ਲੈ ਕੇ ਕਿਹਾ ਸੀ ਕਿ ਦਸ ਦਿਨਾਂ ਵਿੱਚ ਭਰਤੀ ਮੁਕੰਮਲ ਕਰ ਦਿੱਤੀ ਜਾਵੇਗੀ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ।