ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਆਮ ਆਦਮੀ ਕਲੀਨਿਕ ਦਾ ਅਚਨਚੇਤੀ ਦੌਰਾ
ਐਸਏਐਸ ਨਗਰ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੋਹਾਲੀ ਦੇ ਫ਼ੇਜ਼ 5 ਵਿੱਚ ਪੈਂਦੇ ਆਮ ਆਦਮੀ ਕਲੀਨਿਕ ਦਾ ਅਚਨਚੇਤੀ ਦੌਰਾ ਕੀਤਾ। ਦੋਵਾਂ ਨੇ ਸੂਬਾ ਸਰਕਾਰ ਦੇ ਵੱਕਾਰੀ ਪ੍ਰਾਜੈਕਟ ਦੀ ਸ਼ੁਰੂਆਤ ਉੱਤੇ ਤਸੱਲੀ ਪ੍ਰਗਟਾਉਂਦਿਆਂ ਉਥੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਸਿਸੋਦੀਆ ਨੇ ਪੰਜਾਬ ਸਰਕਾਰ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਲੋਕਾਂ ਨਾਲ ਕੀਤਾ ਵੱਡਾ ਵਾਅਦਾ ਪੰਜ ਮਹੀਨੇ ਅੰਦਰ ਹੀ ਪੂਰਾ ਕਰਦਿਆਂ 15 ਅਗਸਤ ਤੋਂ ਸਾਰੇ ਸੂਬੇ ਵਿੱਚ 100 ਆਮ ਆਦਮੀ ਕਲੀਨਿਕਾਂ ਦਾ ਆਗ਼ਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਲੋਕਾਂ ਨਾਲ ਜੁੜੇ ਬੁਨਿਆਦੀ ਮੁੱਦੇ ਹਨ ਜਿਨ੍ਹਾਂ ਨੂੰ ਸਰਕਾਰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ। ਇਹ ਵੀ ਪੜ੍ਹੋ : ਪੁਲਿਸ ਨਾਲ ਮੁਕਾਬਲੇ ਮਗਰੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਰੋਹ ਦੇ 2 ਗੁਰਗੇ ਦਬੋਚੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਉਕਤ ਕਲੀਨਿਕ ਵਿੱਚ ਪੁੱਜੇ ਤੇ ਉਨ੍ਹਾਂ ਕਲੀਨਿਕ ਵਿੱਚ ਮੌਜੂਦ ਡਾਕਟਰਾਂ ਤੇ ਹੋਰ ਸਟਾਫ਼ ਤੋਂ ਇਲਾਵਾ ਉਥੇ ਮੌਜੂਦ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ। ਦਿੱਲੀ ਦੇ ਉਪ ਮੁੱਖ ਮੰਤਰੀ ਨੇ ਸਟਾਫ਼ ਕੋਲੋਂ ਕਲੀਨਿਕ ਦੇ ਕੰਮਕਾਜ, ਦਵਾਈਆਂ ਦੀ ਉਪਲਭਧਤਾ, ਜਾਂਚ ਅਤੇ ਇਲਾਜ ਆਦਿ ਬਾਰੇ ਜਾਣਕਾਰੀ ਲਈ। ਉਨ੍ਹਾਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਕਲੀਨਿਕ ਵਿੱਚ ਸਮੁੱਚਾ ਸਟਾਫ਼ ਮਹਿਲਾਵਾਂ ਦਾ ਹੈ ਜਿਸ ਵਿੱਚ ਇਕ ਮੈਡੀਕਲ ਅਫ਼ਸਰ, ਇਕ ਕਲੀਨੀਕਲ ਅਸਿਸਟੈਂਟ, ਇਕ ਫ਼ਾਰਮਾਸਿਸਟ ਅਤੇ ਇਕ ਹੈਲਪਰ ਸ਼ਾਮਲ ਸਨ। ਮੈਡੀਕਲ ਅਫ਼ਸਰ ਡਾ. ਪਾਰੁਲ ਨੇ ਦੱਸਿਆ ਕਿ ਉਨ੍ਹਾਂ ਕੋਲ ਬੁਖ਼ਾਰ, ਬਲੱਡ ਪ੍ਰੈਸ਼ਰ ਤੇ ਇਸਤਰੀ ਰੋਗਾਂ ਦੇ ਜ਼ਿਆਦਾ ਮਰੀਜ਼ ਆ ਰਹੇ ਹਨ। ਜਿਸ ਸਮੇਂ ਸਿਸੋਦੀਆ ਤੇ ਜੌੜਾਮਾਜਰਾ ਕਲੀਨਿਕ ਵਿੱਚ ਪੁੱਜੇ, ਉਸ ਸਮੇਂ ਵੀ ਲਗਭਗ 10 ਮਰੀਜ਼ ਕਲੀਨਿਕ ਵਿਚ ਮੌਜੂਦ ਸਨ। ਸਿਹਤ ਮੰਤਰੀ ਜੌੜਾਮਾਜਰਾ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿਚ 15 ਅਗਸਤ ਤੋਂ 14 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰ ਕਲੀਨਿਕ ਵਿੱਚ ਇੱਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨਿਕਲ ਅਸਿਸਟੈਂਟ ਅਤੇ ਸਵੀਪਰ ਕਮ ਹੈਲਪਰ ਦਾ ਸਟਾਫ਼ ਤਾਇਨਾਤ ਕੀਤਾ ਗਿਆ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਜ਼ਰੂਰੀ ਦਵਾਈਆਂ ਦੀ ਕੋਈ ਘਾਟ ਨਾ ਰਹੇ ਅਤੇ ਹਰ ਜ਼ਰੂਰੀ ਟੈਸਟ ਕੀਤਾ ਜਾ ਰਿਹਾ ਹੈ। ਇਹ ਸਾਰੀਆਂ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।