ਸਰਕਾਰੀ ਬੈਂਕ ਤੋਂ ਲਿਆ ਸੀ ਕਰਜ਼ਾ, ਤੰਗੀ ਕਾਰਨ ਮੋੜਨ ਤੋਂ ਅਸਮਰਥ ਨੇ ਨਿਗਲ ਲਈ ਜ਼ਹਿਰੀਲੀ ਦਵਾਈ
ਗੁਰਦਾਸਪੁਰ, 4 ਅਪ੍ਰੈਲ 2022: ਕੈਨਰਾ ਬੈਂਕ ਗੁਰਦਾਸਪੁਰ ਤੋਂ 50,000 ਰੁਪਏ ਦਾ ਕਰਜ਼ਾ ਲੈ ਕੇ ਨੌਜਵਾਨ ਨੇ ਬੈਂਕ ਅਧਿਕਾਰੀਆਂ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਲਈ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ, ਨੌਜਵਾਨ ਕੋਲੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ 'ਚ ਮ੍ਰਿਤਕ ਨੇ ਕੈਨਰਾ ਬੈਂਕ ਦੇ ਅਧਿਕਾਰੀ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਬੈਂਕ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਵੀ ਪੜ੍ਹੋ: ਸਮੋਸੇ ਵੇਚਣ ਵਾਲੀ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮ੍ਰਿਤਕ ਨੌਜਵਾਨ ਯਸ਼ਪਾਲ ਮਸੀਹ ਉਰਫ ਜੱਸਾ ਪੁੱਤਰ ਮੁਖਤਾਰ ਮਸੀਹ ਵਾਸੀ ਪਿੰਡ ਅਬਲਖੈਰ ਕਲੋਨੀ, ਛੋਟੇ ਭਰਾ ਰਾਜਕੁਮਾਰ ਅਤੇ ਚਾਚਾ ਰਫੀਕ ਮਸੀਹ ਨੇ ਦੱਸਿਆ ਕਿ ਯਸ਼ਪਾਲ ਨੇ ਸ਼ਾਮ 6 ਵਜੇ ਸਾਨੂੰ ਦੱਸਿਆ ਕਿ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਜਿਸ ਤੋਂ ਬਾਅਦ ਅਸੀਂ ਉਸਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਭਰਾ ਯਸ਼ਪਾਲ ਕੋਲੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ ਉਸਨੇ ਗੁਰਦਾਸਪੁਰ ਦੇ ਰਵਿਦਾਸ ਚੌਕ 'ਚ ਸਥਿਤ ਕੈਨਰਾ ਬੈਂਕ ਤੋਂ ਕੋਰੋਨਾ ਤੋਂ ਪਹਿਲਾਂ 50,000 ਦਾ ਕਰਜ਼ਾ ਲਿਆ ਸੀ। ਪਰ ਉਕਤ ਬੈਂਕ ਅਧਿਕਾਰੀ ਰਿਸਪਾਲ ਭਗਤ ਉਸਨੂੰ ਤੰਗ-ਪਰੇਸ਼ਾਨ ਕਰਦਾ ਸੀ ਅਤੇ ਧਮਕੀਆਂ ਦਿੰਦਾ ਸੀ ਕਿ ਉਹ ਉਸਨੂੰ ਚੁੱਕ ਕੇ ਬੈਂਕ ਅੰਦਰ ਬਿਠਾ ਕੇ ਡਕੈਤੀ ਦਾ ਪਰਚਾ ਪਵਾ ਦੇਵੇਗਾ। ਕਰੋਨਾ ਕਾਲ ਕਾਰਨ ਉਹ ਕੁਝ ਕਿਸ਼ਤਾਂ ਭਰਨ 'ਚ ਅਸਮਰਥ ਰਿਹਾ ਸੀ। ਜਿਸ ਕਾਰਨ ਉਹ ਉਸਨੂੰ ਰੋਜ਼ ਤੰਗ ਪਰੇਸ਼ਾਨ ਕਰਦਾ ਸੀ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਬੈਂਕ ਕਰਮਚਾਰੀ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਇਲਾਕੇ ਦੇ ਓਬਰਾਏ ਹਸਪਤਾਲ ਦੇ ਡਾਕਟਰ ਅਸ਼ੋਕ ਅਬਰਾਏ ਨੇ ਦੱਸਿਆ ਕਿ ਮਰੀਜ਼ ਨੂੰ ਪਰਿਵਾਰਕ ਮੈਂਬਰ ਕਰੀਬ 6:45 ਵਜੇ ਉਨ੍ਹਾਂ ਕੋਲ ਲੈ ਕੇ ਆਏ ਸਨ। ਜਿਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ, ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਮਰੀਜ਼ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ। ਜਿਸ ਨੂੰ ਪੁਲਿਸ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਫਿਰ ਵਾਧਾ, 2 ਹਫਤਿਆਂ 'ਚ 12ਵਾਂ ਵਾਧਾ ਇਸ ਸਬੰਧੀ ਜਦੋਂ ਥਾਣਾ ਦੀਨਾਨਗਰ ਦੇ ਐੱਸ.ਐੱਚ.ਓ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਅਬਲਖੈਰ ਦੇ ਇੱਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਨਿਗਲ ਲਈ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਕੋਲੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -PTC News