ਰਾਜਪੁਰਾ : ਰਾਜਪੁਰਾ ਦੇ ਨਜ਼ਦੀਕ ਖੇੜੀ ਗੰਡਿਆਂ ਥਾਣੇ ਅਧੀਨ ਪੈਂਦੇ ਪਿੰਡ ਖੰਡੋਲੀ 'ਚੋਂ ਅਗ਼ਵਾ ਹੋਏ ਬੱਚੇ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਟਿਆਲਾ ਦੇ ਐਸਐਸਪੀ ਦੀਪਕ ਪਾਰਿਕ ਅਨੁਸਾਰ ਪਿੰਡ ਬਢੋਲੀ ਗੁੱਜਰਾਂ ਨਾਕਾਬੰਦੀ ਦੌਰਾਨ ਮੁਲਜ਼ਮ ਸ਼ਰਨਦੀਪ ਸਿੰਘ ਉਰਫ ਸ਼ਾਨ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਖੰਡੌਲੀ ਤੇ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਕੁਲਵੰਤ ਸਿੰਘ ਵਾਸੀ ਅਲੀਪੁਰ ਮੰਡਵਾਲ ਥਾਣਾ ਖੇੜੀ ਗੰਡਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਬੱਚੇ ਨੂੰ ਪਹਿਲਾਂ ਹੀ ਬਰਾਮਦ ਕਰ ਲਿਆ ਸੀ। ਮੁਲਜ਼ਮਾਂ ਕੋਲੋਂ ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਜਿਸ ਤੇ ਜਾਅਲੀ ਨੰਬਰ PB 11 BC 7665 ਲੱਗਾ ਹੋਇਆ ਸੀ। ਮੁਲਜ਼ਮ ਸ਼ਰਨਦੀਪ ਸਿੰਘ ਉਰਫ ਸ਼ਾਨ ਕੋਲੋਂ ਡੱਬ ਵਿੱਚ ਇੱਕ ਦੇਸੀ ਪਿਸਤੌਲ ਜਿਸ ਵਿੱਚ 01 ਰੌਂਦ ਲੋਡ ਸੀ ਤੇ ਉਸ ਦੀ ਜੇਬ ਵਿੱਚੋਂ 02 ਰੌਂਦ ਤੇ ਮੁਲਜ਼ਮ ਲਖਵੀਰ ਸਿੰਘ ਉਰਫ ਲੱਖਾ ਦੀ ਜੇਬ ਵਿੱਚੋਂ ਵੀ 02 ਰੌਂਦ ਬਰਾਮਦ ਹੋਏ ਹਨ। ਮੁਲਜ਼ਮਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਮੋਟਰਸਾਈਕਲ ਪਾਰਕ ਗੋਬਿੰਦ ਕਾਲੋਨੀ ਰਾਜਪੁਰਾ ਕੋਲੋਂ 2/3 ਦਿਨ ਪਹਿਲਾਂ ਚੋਰੀ ਹੋ ਗਿਆ ਸੀ। ਇਸ ਸਬੰਧੀ ਥਾਣਾ ਸਿਟੀ ਰਾਜਪੁਰਾ ਵਿਚ ਚੋਰੀ ਦਾ ਮੁਕੱਦਮਾ ਰਜਿਸਟਰ ਹੈ। ਇਸ ਮੋਟਰਸਾਈਕਲ ਦਾ ਅਸਲੀ ਨੰਬਰ ਪੀ.ਬੀ -65 ਏ.ਜੇ -4769 ਪਾਇਆ ਗਿਆ। ਮੁਲਜ਼ਮ ਸਰਨਜੀਤ ਸਿੰਘ ਉਰਫ ਸ਼ਾਨ ਜੋ ਕਿ ਪਿੰਡ ਖੰਡੋਲੀ ਦਾ ਰਹਿਣ ਵਾਲਾ ਹੈ ਜਿਸ ਦਾ ਘਰ ਬੱਚੇ ਦੇ ਮੁਹੱਲੇ 'ਚ ਹੀ ਹੈ। ਮੁਲਜ਼ਮ ਨੇ ਬੱਚੇ ਦੇ ਸਕੂਲ ਆਉਣ ਜਾਣ ਬਾਰੇ ਪੂਰੀ ਰੇਕੀ ਕੀਤੀ ਸੀ। ਇਸੇ ਹੀ ਕਾਰਨ ਉਨ੍ਹਾਂ ਨੇ ਅਪਣੇ ਮੂੰਹ ਢਕੇ ਹੋਏ ਸਨ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਮੁਲਜ਼ਮਾਂ ਕੋਲੋਂ ਚੋਰੀਸ਼ੁਦਾ ਮੋਟਰਸਾਈਕਲ ਜੋ ਵਾਰਦਾਤ ਵਿਚ ਵਰਤਿਆ ਗਿਆ ਸੀ ਵੀ ਬਰਾਮਦ ਕੀਤਾ ਗਿਆ ਹੈ ਅਤੇ ਇਨ੍ਹਾਂ ਕੋਲੋਂ ਨਾਜਾਇਜ਼ ਅਸਲਾ ਵੀ ਬਰਾਮਦ ਹੋਇਆ ਹੈ। ਤਫਤੀਸ ਦੌਰਾਨ ਜੁਰਮ 411 , 473 , ਅਤੇ 25-54-59 ਆਰਮਜ਼ ਐਕਟ ਦਾ ਵਾਧਾ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਹੀਰਾਕਸ਼ੀ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ