ਚੰਡੀਗੜ੍ਹ : ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਲੋਕਾਂ ਉਤੇ ਨਹੀਂ, ਬਲਕਿ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਉਨ੍ਹਾਂ ਵੱਲੋਂ ਸਥਾਪਤ ਸੱਚ ਦਾ ਰਾਜ ਹਮੇਸ਼ਾ ਸਾਡੇ ਲਈ ਪ੍ਰੇਰਣਾ ਦਾ ਸ੍ਰੋਤ ਹੈ। ਮਹਾਂਬਲੀ ਯੋਧੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸੀਸ ਨਿਵਾ ਕੇ ਸਿਜਦਾ ਕਰਦੇ ਹਾਂ।
ਇਸ ਤੋਂ ਇਲਾਵਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਕਿ 12 ਮਿਸਲਾਂ ਨੂੰ ਇਕਜੁੱਟ ਕਰਕੇ ਸਿੱਖ ਸਾਮਰਾਜ ਦੀ ਸਥਾਪਨਾ ਕਰਨ ਵਾਲੇ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ। ਬਰਾਬਰਤਾ ਅਤੇ ਸਰਬ ਧਰਮ ਸਨਮਾਨ ਲਈ ਜਾਣੇ ਜਾਂਦੇ ਉਨ੍ਹਾਂ ਦੇ ਰਾਜ ਪ੍ਰਬੰਧ ਦੀਆਂ ਅੱਜ ਤੱਕ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਉਤੇ ਉਸ ਬਹਾਦਰ ਜਰਨੈਲ, ਨਿਆਂਪਸੰਦ ਪ੍ਰਸ਼ਾਸਕ ਅਤੇ ਗੁਰੂ ਘਰ ਦੇ ਅਨਿੰਨ ਸੇਵਕ ਸਿੱਖ ਨੂੰ ਦਿਲੋਂ ਸਤਿਕਾਰ। ਉਨ੍ਹਾਂ ਦੀ ਫ਼ੈਸਲਾਕੁੰਨ ਅਗਵਾਈ ਸਦਕਾ ਉਸ ਵੇਲੇ ਸਿੱਖ ਰਾਜ ਦੇ ਝੰਡੇ ਚੀਨ ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਤੱਕ ਝੂਲਦੇ ਸਨ।
ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਲਗਭਗ 40 ਸਾਲਾਂ ਤੱਕ ਚੱਲੇ ਸਿੱਖ ਸਾਮਰਾਜ ਦੇ ਸ਼ਕਤੀਸ਼ਾਲੀ ਨੇਤਾ ਸਨ। ਅੰਮ੍ਰਿਤਸਰ-ਲਾਹੌਰ ਵਿੱਚ ਹੈੱਡਕੁਆਰਟਰ, ਮਹਾਰਾਜਾ ਦਾ ਸਾਮਰਾਜ ਕਸ਼ਮੀਰ ਦੇ ਇੱਕ ਸਿਰੇ ਤੋਂ ਦੂਜੇ ਪਾਸੇ ਪਿਸ਼ਾਵਰ ਤੱਕ ਫੈਲਿਆ ਹੋਇਆ ਸੀ। ਆਪਣੇ ਸਮੇਂ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਵਿੱਚੋਂ ਇੱਕ ਵਜੋਂ ਗਿਣਿਆ ਜਾਂਦਾ ਸੀ। ਰਣਜੀਤ ਸਿੰਘ 21 ਸਾਲ ਦੀ ਉਮਰ ਵਿੱਚ ਪੰਜਾਬ ਦੇ ਮਹਾਰਾਜਾ ਬਣ ਗਏ ਸਨ। ਉਨ੍ਹਾਂ ਨੂੰ ਸ਼ੇਰ-ਏ-ਪੰਜਾਬ ਵਜੋਂ ਵੀ ਜਾਣਿਆ ਜਾਂਦਾ ਸੀ।
ਇਹ ਵੀ ਪੜ੍ਹੋ : ਮਕਸੂਦਾ ਸਬਜ਼ੀ ਮੰਡੀ 'ਚ ਫਟਿਆ ਸਿਲੰਡਰ, ਇੱਕ ਵਿਅਕਤੀ ਗੰਭੀਰ ਜ਼ਖਮੀ