Sunil Chhetri Retirement: ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਲਿਆ ਸੰਨਿਆਸ, ਇਸ ਦਿਨ ਖੇਡਣਗੇ ਆਪਣਾ ਆਖਰੀ ਫੁੱਟਬਾਲ ਮੈਚ

ਭਾਰਤੀ ਫੁੱਟਬਾਲ ਟੀਮ ਦੇ ਸਟਾਰ ਖਿਡਾਰੀ ਅਤੇ ਕਪਤਾਨ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

By  Amritpal Singh May 16th 2024 12:48 PM

Sunil Chhetri Retirement: ਭਾਰਤੀ ਫੁੱਟਬਾਲ ਟੀਮ ਦੇ ਸਟਾਰ ਖਿਡਾਰੀ ਅਤੇ ਕਪਤਾਨ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਕੁਵੈਤ ਦੇ ਖਿਲਾਫ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਤੋਂ ਬਾਅਦ ਉਹ ਅੰਤਰਰਾਸ਼ਟਰੀ ਫੁੱਟਬਾਲ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦੇਵੇਗਾ।

ਸੁਨੀਲ ਛੇਤਰੀ ਨੇ ਵੀਰਵਾਰ (16 ਮਈ) ਨੂੰ ਘੋਸ਼ਣਾ ਕੀਤੀ ਕਿ ਉਹ 6 ਜੂਨ ਨੂੰ ਕੁਵੈਤ ਦੇ ਖਿਲਾਫ ਫੀਫਾ ਵਿਸ਼ਵ ਕੱਪ 2026 ਕੁਆਲੀਫਾਇਰ ਤੋਂ ਬਾਅਦ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਵੇਗਾ।

39 ਸਾਲ ਦੇ ਛੇਤਰੀ ਨੇ 2005 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਛੇਤਰੀ ਨੇ ਭਾਰਤ ਲਈ ਆਪਣਾ 150ਵਾਂ ਮੈਚ ਮਾਰਚ 'ਚ ਅਫਗਾਨਿਸਤਾਨ ਖਿਲਾਫ ਗੁਹਾਟੀ 'ਚ ਖੇਡਿਆ ਸੀ। ਉਨ੍ਹਾਂ ਨੇ ਉਸ ਮੈਚ ਵਿੱਚ ਇੱਕ ਗੋਲ ਵੀ ਕੀਤਾ ਸੀ, ਹਾਲਾਂਕਿ ਭਾਰਤ ਉਹ ਮੈਚ 1-2 ਨਾਲ ਹਾਰ ਗਿਆ ਸੀ।

ਛੇਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕੀਤੇ ਇੱਕ ਵੀਡੀਓ ਸੰਦੇਸ਼ ਰਾਹੀਂ ਸੰਨਿਆਸ ਦਾ ਐਲਾਨ ਕੀਤਾ। ਸਟਰਾਈਕਰ ਸੁਨੀਲ ਛੇਤਰੀ ਨੇ ਭਾਰਤ ਨੂੰ ਕਈ ਅਹਿਮ ਮੈਚਾਂ ਵਿੱਚ ਜਿੱਤ ਦਿਵਾਈ ਹੈ। ਛੇਤਰੀ ਨੇ ਭਾਰਤ ਲਈ ਹੁਣ ਤੱਕ 150 ਮੈਚ ਖੇਡੇ ਹਨ ਅਤੇ ਆਪਣੇ 20 ਸਾਲ ਦੇ ਕਰੀਅਰ ਦੌਰਾਨ 94 ਗੋਲ (26 ਮਾਰਚ ਤੱਕ) ਕੀਤੇ ਹਨ।


ਸੁਨੀਲ ਨੇ ਕਰੀਬ 9 ਮਿੰਟ 51 ਸੈਕਿੰਡ ਦੇ ਵੀਡੀਓ 'ਚ ਸੰਨਿਆਸ ਲੈਣ ਦੇ ਆਪਣੇ ਫੈਸਲੇ ਬਾਰੇ ਦੱਸਿਆ। ਐਕਸ 'ਤੇ ਸ਼ੇਅਰ ਕੀਤੇ ਇਸ ਵੀਡੀਓ 'ਚ ਸੁਨੀਲ ਨੇ ਲਿਖਿਆ ਕਿ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹਾਂ।

ਰਿਟਾਇਰਮੈਂਟ ਵੀਡੀਓ 'ਚ ਭਾਵੁਕ ਹੋਏ ਸੁਨੀਲ ਛੇਤਰੀ

ਛੇਤਰੀ ਆਪਣੀ ਰਿਟਾਇਰਮੈਂਟ ਵੀਡੀਓ 'ਚ ਭਾਵੁਕ ਨਜ਼ਰ ਆਏ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਡੈਬਿਊ ਮੈਚ ਨੂੰ ਯਾਦ ਕੀਤਾ। ਇਸ ਦੌਰਾਨ ਉਨ੍ਹਾਂ ਸੁੱਖੀ ਸਰ ਨੂੰ ਯਾਦ ਕੀਤਾ, ਜੋ ਉਨ੍ਹਾਂ ਦੇ ਪਹਿਲੇ ਰਾਸ਼ਟਰੀ ਟੀਮ ਦੇ ਕੋਚ ਸਨ। ਛੇਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੇ ਮੈਚ ਦੌਰਾਨ ਉਨ੍ਹਾਂ ਨੂੰ ਕਿਹਾ ਸੀ ਕਿ ਹੁਣ ਤੁਸੀਂ ਸ਼ੁਰੂਆਤ ਕਰ ਸਕਦੇ ਹੋ।

ਛੇਤਰੀ ਨੇ ਕਿਹਾ ਕਿ ਉਹ ਭਾਵਨਾ ਨੂੰ ਬਿਆਨ ਨਹੀਂ ਕਰ ਸਕਦਾ, ਉਸ ਮੈਚ 'ਚ ਉਸ ਨੇ ਹੀ ਪਹਿਲਾ ਗੋਲ ਕੀਤਾ ਸੀ। ਜਦੋਂ ਉਸ ਨੇ ਰਾਸ਼ਟਰੀ ਟੀਮ ਦੀ ਜਰਸੀ ਪਹਿਨੀ ਤਾਂ ਇਹ ਇੱਕ ਵੱਖਰਾ ਅਹਿਸਾਸ ਸੀ। ਉਹ ਆਪਣੇ ਡੈਬਿਊ ਦਾ ਦਿਨ ਕਦੇ ਨਹੀਂ ਭੁੱਲ ਸਕਦਾ।

ਛੇਤਰੀ ਨੇ ਇਸ ਵੀਡੀਓ ਸੰਦੇਸ਼ 'ਚ ਕਿਹਾ, 'ਪਿਛਲੇ 19 ਸਾਲਾਂ 'ਚ ਜੋ ਚੀਜ਼ਾਂ ਮੈਨੂੰ ਯਾਦ ਹਨ, ਉਹ ਹਨ ਡਿਊਟੀ, ਦਬਾਅ ਅਤੇ ਬੇਅੰਤ ਖੁਸ਼ੀ ਦਾ ਸੰਤੁਲਨ। ਮੈਂ ਨਿੱਜੀ ਤੌਰ 'ਤੇ ਕਦੇ ਨਹੀਂ ਸੋਚਿਆ ਕਿ ਇਹ ਉਹ ਖੇਡ ਹੈ ਜੋ ਮੈਂ ਦੇਸ਼ ਲਈ ਖੇਡਦਾ ਹਾਂ, ਜਦੋਂ ਵੀ ਮੈਂ ਰਾਸ਼ਟਰੀ ਟੀਮ ਨਾਲ ਅਭਿਆਸ ਕਰਦਾ ਹਾਂ ਤਾਂ ਮੈਨੂੰ ਇਸ ਦਾ ਮਜ਼ਾ ਆਉਂਦਾ ਹੈ।

ਕੁਵੈਤ ਦੇ ਖਿਲਾਫ ਮੈਚ 'ਚ ਦਬਾਅ ਰਹੇਗਾ, ਸਾਨੂੰ ਅਗਲੇ ਦੌਰ ਲਈ ਕੁਆਲੀਫਾਈ ਕਰਨ ਲਈ ਤਿੰਨ ਅੰਕ ਚਾਹੀਦੇ ਹਨ, ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਸਟਰਾਈਕਰ ਛੇਤਰੀ ਨੇ ਇਹ ਵੀ ਸੰਕੇਤ ਦਿੱਤਾ ਕਿ ਹੁਣ ਮੌਕਾ ਆ ਗਿਆ ਹੈ ਕਿ ਭਾਰਤੀ ਟੀਮ ਦੀ 'ਨੰਬਰ ਨੌਂ' ਜਰਸੀ ਅਗਲੀ ਪੀੜ੍ਹੀ ਨੂੰ ਸੌਂਪੀ ਜਾਵੇ।

ਅੰਤਰਰਾਸ਼ਟਰੀ ਫੁੱਟਬਾਲ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਦੇ ਮਾਮਲੇ 'ਚ ਸੁਨੀਲ ਛੇਤਰੀ ਚੌਥੇ ਸਥਾਨ 'ਤੇ ਹੈ। ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਦੇ ਮਾਮਲੇ ਵਿੱਚ ਪਹਿਲੇ ਸਥਾਨ 'ਤੇ ਹਨ। ਰੋਨਾਲਡੋ ਨੇ ਹੁਣ ਤੱਕ 206 ਮੈਚ ਖੇਡੇ ਹਨ ਅਤੇ ਕੁੱਲ 128 ਗੋਲ ਕੀਤੇ ਹਨ। ਇਸ ਤੋਂ ਬਾਅਦ ਇਰਾਨ ਦੇ ਸਾਬਕਾ ਖਿਡਾਰੀ ਅਲੀ ਦਾਈ ਦਾ ਨੰਬਰ ਆਉਂਦਾ ਹੈ, ਜਿਸ ਨੇ 148 ਮੈਚਾਂ 'ਚ 108 ਗੋਲ ਕੀਤੇ ਹਨ।

ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਨੇ 106 ਗੋਲ (180 ਮੈਚ) ਕੀਤੇ ਹਨ ਅਤੇ ਉਹ ਤੀਜੇ ਸਥਾਨ 'ਤੇ ਹੈ। ਜੇਕਰ ਦੇਖਿਆ ਜਾਵੇ ਤਾਂ ਸਰਗਰਮ ਫੁੱਟਬਾਲਰਾਂ 'ਚ ਸਿਰਫ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨੇਲ ਮੇਸੀ ਹੀ ਛੇਤਰੀ ਤੋਂ ਅੱਗੇ ਹਨ। ਨਾਲ ਹੀ, ਸੁਨੀਲ ਛੇਤਰੀ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਦੂਜੇ ਏਸ਼ਿਆਈ ਖਿਡਾਰੀ ਹਨ। ਇਸ ਮਾਮਲੇ 'ਚ ਈਰਾਨ ਦੇ ਅਲੀ ਦਾਈ ਪਹਿਲੇ ਨੰਬਰ 'ਤੇ ਹਨ।

Related Post