ਸ੍ਰੀ ਮੁਕਤਸਰ ਸਾਹਿਬ 'ਚ ਵਾਪਰਿਆ ਦਰਦਨਾਕ ਹਾਦਸਾ, 2 ਦੀ ਮੌਤ, ਇੱਕ ਗੰਭੀਰ ਜ਼ਖ਼ਮੀ
ਸ੍ਰੀ ਮੁਕਤਸਰ ਸਾਹਿਬ - ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ ਤੇ ਅੱਜ ਤਾਜਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੈ। ਇਹ ਘਟਨਾ ਬਠਿੰਡਾ ਮਾਰਗ ਤੇ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਮੱਲਣ ਨਾਲ ਸੰਬੰਧਤ ਤਿੰਨ ਨੌਜਵਾਨ ਮਨਪ੍ਰੀਤ ਸਿੰਘ ਮਨੀ (22), ਇੰਦਰਜੀਤ ਸਿੰਘ (24) ਅਤੇ ਕਰਨ (22) ਆਪਣੀ ਹੌਂਡਾ ਸਿਟੀ ਕਾਰ ਨੰਬਰ PB29E0501 ਰਾਹੀਂ ਪਿੰਡ ਮੱਲਣ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੇ ਸਨ ਕਿ ਬਠਿੰਡਾ ਰੋਡ ਤੇ ਇਕ ਨਿੱਜੀ ਸਕੂਲ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਇਕ ਆਰਜ਼ੀ ਬੱਸ ਸਟੈਂਡ ਦੇ ਵਿੱਚ ਟਕਰਾ ਗਈ। ਇਸ ਸੜਕ ਹਾਦਸੇ ਦੇ ਵਿੱਚ ਇੰਦਰਜੀਤ ਸਿੰਘ ਅਤੇ ਕਰਨ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਮਨਪ੍ਰੀਤ ਸਿੰਘ ਮਨੀ ਗੰਭੀਰ ਹਾਲਤ 'ਚ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਅਧੀਨ ਹੈ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਮਨੀ ਜੋ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਟੈਟੂ ਛਪਾਈ ਦਾ ਕੰਮ ਕਰਦਾ ਹੈ ਆਪਣੇ ਦੋਸਤਾਂ ਦੇ ਨਾਲ ਮੱਲਣ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਿਹਾ ਸੀ ਕਿ ਰਸਤੇ ਵਿਚ ਕਾਰ ਬੇਕਾਬੂ ਹੋ ਕਿ ਬਸ ਸਟੈਂਡ ਨਾਲ ਜਾ ਟਕਰਾਈ। ਪ੍ਰਤੱਖ ਦਰਸ਼ੀਆਂ ਅਨੁਸਾਰ ਇਹ ਟੱਕਰ ਇੰਨੀ ਜਬਰਦਸਤ ਸੀ ਕਿ ਦੂਰ ਤਕ ਅਵਾਜ ਸੁਣਾਈ ਦਿੱਤੀ। ਇਸ ਹਾਦਸੇ ਦੌਰਾਨ ਕਾਰ ਦੇ ਪਰਖੱਚੇ ਉਡ ਗਏ ਅਤੇ ਕਾਰ ਸਵਾਰਾਂ ਨੂੰ ਆਸ ਪਾਸ ਦੇ ਲੋਕਾਂ ਨੇ ਕਾਰ 'ਚ ਕੱਢਿਆ। ਹਾਦਸੇ ਦੌਰਾਨ ਕਾਰ ਬਿਲਕੁਲ ਉਲਟ ਗਈ। -PTC News