ਕੁੱਲੂ, 2 ਸਤੰਬਰ: ਪੰਜਾਬ ਤੋਂ ਆਏ ਇੱਕ ਸੈਲਾਨੀ ਦੀ ਕੁੱਲੂ ਜ਼ਿਲ੍ਹੇ ਦੇ ਸੁਮਾਰੋਪਾ ਨੇੜੇ ਪਾਰਬਤੀ ਨਦੀ ਵਿੱਚ ਰੁੜ੍ਹ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਕੁੱਲੂ ਪੁਲਿਸ ਨੇ ਰਣਵੀਰ ਸਿੰਘ ਨਾਮਕ ਸੈਲਾਨੀ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਗਵਾਹਾਂ ਇਹ ਦਾਅਵਾ ਕਰਦੇ ਨੇ ਕਿ ਉਨ੍ਹਾਂ ਨੇ ਰਣਵੀਰ ਨੂੰ ਨਦੀ ਵਿੱਚ ਛਾਲ ਮਾਰਦੇ ਦੇਖਿਆ। ਪੁਲਿਸ ਨੂੰ ਮੌਕੇ ਤੋਂ ਉਸ ਦਾ ਮੋਬਾਈਲ ਫ਼ੋਨ, ਬੈਗ ਅਤੇ ਜੁੱਤੇ ਵੀ ਬਰਾਮਦ ਹੋਏ ਹਨ। ਸੈਲਾਨੀ ਦੀ ਪਛਾਣ ਦਾ ਲਗਾਉਣ ਲਈ ਪੁਲਿਸ ਵੱਲੋਂ ਉਸ ਦੇ ਮੋਬਾਈਲ ਫੋਨ ਤੋਂ ਡਾਇਲ ਕੀਤੇ ਆਖਰੀ ਨੰਬਰ 'ਤੇ ਕਾਲ ਕੀਤੀ ਗਈ, ਜਿਸਦਾ ਜਵਾਬ ਰਣਵੀਰ ਦੇ ਬੇਟੇ ਅਮਨਦੀਪਾ ਨੇ ਦਿੱਤਾ ਅਤੇ ਪੁਲਿਸ ਨੂੰ ਆਪਣੇ ਪਿਤਾ ਦੀ ਪਛਾਣ ਬਾਰੇ ਵੀ ਦੱਸਿਆ। ਪੁਲਿਸ ਵੱਲੋਂ ਮੌਕੇ 'ਤੇ ਮੌਜੂਦ ਲੋਕਾਂ ਨੂੰ ਵੀ ਰਣਵੀਰ ਦਾ ਸਮਾਨ ਦਿਖਾਇਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨ ਉਸਨੂੰ ਇੱਥੇ ਟਹਿਲਦਿਆਂ ਦੇਖਿਆ ਸੀ ਤੇ ਅੱਜ ਉਸਨੇ ਨਦੀ 'ਚ ਛਾਲ ਮਾਰ ਦਿੱਤੀ। ਕੁੱਲੂ ਦੇ ਐਸਪੀ ਗੁਰਦੇਵ ਸ਼ਰਮਾ ਮੁਤਾਬਕ ਹੋ ਸਕਦਾ ਹੈ ਕਿ ਉਹ ਨਦੀ ਵਿੱਚ ਵਹਿ ਗਿਆ ਹੋਵੇ। ਉਨ੍ਹਾਂ ਕਿਹਾ ਕਿ ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਇਹ ਵੀ ਪੜ੍ਹੋ: ਬੰਬੀਹਾ ਗਰੁੱਪ ਦੀ ਪੰਜਾਬ ਪੁਲਿਸ ਨੂੰ ਧਮਕੀ 'ਹੁਣ ਸਿੱਧਾ ਕੰਮ ਕਰਾਂਗੇ' -PTC News