ਆਪਣੇ ਪ੍ਰੇਮ ਨੂੰ ਸਾਬਤ ਕਰਨ ਲਈ ਕੁੜੀ ਨੇ ਖ਼ੁਦ ਨੂੰ ਲਾਇਆ HIV ਸੰਕ੍ਰਮਿਤ ਪ੍ਰੇਮੀ ਦੇ ਖੂਨ ਵਾਲਾ ਟੀਕਾ

By  Jasmeet Singh August 10th 2022 02:09 PM -- Updated: August 10th 2022 02:20 PM

ਆਸਾਮ, 10 ਜੁਲਾਈ: ਅਸੀਂ ਸਾਰਿਆਂ ਨੇ ਇਹ ਕਹਾਵਤ ਤਾਂ ਸੁਣੀ ਹੋਣੀ ਕਿ 'ਪਿਆਰ ਅੰਨ੍ਹਾ ਹੁੰਦਾ ਹੈ' ਪਰ ਅੱਜ ਕਲ ਦੀ ਯੁਵਾ ਪੀੜ੍ਹੀ ਅੰਨ੍ਹੇ ਹੋਣ ਦੇ ਨਾਲ ਨਾਲ ਆਪਣੀ ਸੁੱਧ ਬੁੱਧ ਵੀ ਗਵਾ ਚੁੱਕੀ ਹੈ। ਅਸੀਂ ਜਾਣਦੇ ਹਾਂ ਕਿ ਆਪਣੇ ਪਿਆਰ ਨੂੰ ਪ੍ਰਾਪਤ ਕਰਨ ਲਈ ਪ੍ਰੇਮੀ ਜੋੜੇ ਹਰ ਹੱਦ ਨੂੰ ਪਾਰ ਕਰਨ ਲਈ ਤਿਆਰ ਹੋ ਜਾਂਦੇ ਹਨ। ਪ੍ਰੇਮੀ ਜੋੜੇ ਇਕੱਠੇ ਰਹਿਣ ਲਈ ਇਕੱਠੇ ਜਿਉਣ ਮਰਨ ਨੂੰ ਵੀ ਤਿਆਰ ਹੋ ਜਾਂਦੇ ਨੇ, ਅਜਿਹਾ ਹੀ ਇੱਕ ਮਾਮਲਾ ਆਸਾਮ ਤੋਂ ਸਾਹਮਣੇ ਆਇਆ ਹੈ। ਹਾਲਾਂਕਿ ਇਹ ਮਾਮਲਾ ਕਾਫ਼ੀ ਵੱਖਰਾ ਰਿਹਾ ਜਿਥੇ ਇਕ ਕੁੜੀ ਨੇ ਆਪਣੇ ਪ੍ਰੇਮੀ ਨੂੰ ਪਾਉਣ ਲਈ ਅਜਿਹਾ ਕਦਮ ਚੁੱਕਿਆ ਜਿਸ ਬਾਰੇ ਜਾਣ ਕੇ ਸਾਰੇ ਹੀ ਹੈਰਾਨ ਰਹਿ ਗਏ। ਮੀਡੀਆ ਰਿਪੋਰਟਾਂ ਮੁਤਾਬਕ ਆਸਾਮ 'ਚ ਰਹਿਣ ਵਾਲੀ ਇਕ ਲੜਕੀ ਫੇਸਬੁੱਕ 'ਤੇ ਇਕ ਲੜਕੇ ਨਾਲ ਗੱਲ ਕਰਦੀ ਸੀ। ਇਸ ਦੌਰਾਨ ਪਹਿਲਾਂ ਉਨ੍ਹਾਂ ਦੀ ਦੋਸਤੀ ਹੋਈ ਅਤੇ ਫਿਰ ਇਹ ਦੋਸਤੀ ਸਮੇਂ ਦੇ ਨਾਲ ਪਿਆਰ ਵਿੱਚ ਤਬਦੀਲ ਹੋ ਗਈ। ਦੋਵਾਂ ਵਿਚਾਲੇ ਕੁਝ ਸਮੇਂ ਲਈ ਸਭ ਕੁਝ ਠੀਕ ਚਲਦਾ ਰਿਹਾ। ਹਾਲਾਂਕਿ ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਲੜਕੀ ਨੂੰ ਉਸਦੇ ਪ੍ਰੇਮੀ ਨਾਲ ਮਿਲਣ ਲਈ ਸਖਤੀ ਦਿਖਾਉਂਦਿਆਂ ਇਨਕਾਰ ਕਰ ਦਿੱਤਾ। ਲੜਕੀ ਨੇ ਪਰਿਵਾਰ ਵਾਲਿਆਂ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੋਈ ਗੱਲ ਨਹੀਂ ਮੰਨੀ। ਇਸ ਤੋਂ ਬਾਅਦ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਲੜਕੀ ਆਪਣੇ ਪ੍ਰੇਮੀ ਨਾਲ ਰਹਿਣ ਲਈ ਘਰੋਂ ਭੱਜ ਗਈ। ਜਾਣਕਾਰੀ ਮੁਤਾਬਕ ਫਰਾਰ ਹੋਣ ਦਾ ਇਹ ਸਿਲਸਿਲਾ ਇਕ ਵਾਰ ਨਹੀਂ ਸਗੋਂ ਕਈ ਵਾਰ ਚੱਲਿਆ। ਲੜਕੀ ਕਈ ਵਾਰ ਆਪਣੇ ਪ੍ਰੇਮੀ ਨਾਲ ਭੱਜੀ ਅਤੇ ਹਰ ਵਾਰ ਉਸ ਦੇ ਮਾਪੇ ਉਸ ਨੂੰ ਵਾਪਸ ਲੈ ਕੇ ਆਉਂਦੇ। ਇਸੇ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੀ ਲੜਕੀ ਜਿਸ ਲੜਕੇ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਹੈ, ਉਹ ਐਚ.ਆਈ.ਵੀ ਦੀ ਬਿਮਾਰੀ ਤੋਂ ਸੰਕ੍ਰਮਿਤ ਹੈ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਇਸ ਰਿਸ਼ਤੇ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ। ਉਨ੍ਹਾਂ ਆਪਣੀ ਬੇਟੀ ਨੂੰ ਸਾਫ਼-ਸਾਫ਼ ਕਿਹਾ ਕਿ ਉਹ ਉਸ ਦਾ ਰਿਸ਼ਤਾ ਕਦੇ ਵੀ ਐਚ.ਆਈ.ਵੀ ਪੀੜਤ ਲੜਕੇ ਨਾਲ ਨਹੀਂ ਕਰਵਾਉਣਗੇ। ਪਰਿਵਾਰ ਵਾਲਿਆਂ ਦੀ ਇਸ ਗੱਲ ਨਾਲ ਲੜਕੀ ਦੁਖੀ ਹੋ ਗਈ ਅਤੇ ਉਸਨੇ ਗੁੱਸੇ 'ਚ ਆਕੇ ਅਜਿਹਾ ਕਦਮ ਚੁੱਕਿਆ, ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਪਰਿਵਾਰ ਤੋਂ ਨਾਰਾਜ਼ ਹੋ ਕੇ ਧੀ ਆਪਣੇ ਪ੍ਰੇਮੀ ਨੂੰ ਮਿਲਣ ਪਹੁੰਚੀ। ਇੱਥੇ ਉਸ ਨੇ ਸਰਿੰਜ ਦੀ ਮਦਦ ਨਾਲ ਆਪਣੇ ਪ੍ਰੇਮੀ ਦੇ ਸਰੀਰ 'ਚੋਂ ਖੂਨ ਕੱਢ ਕੇ ਆਪਣੇ ਸਰੀਰ 'ਚ ਟੀਕਾ ਲਗਾ ਲਿਆ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ਦੀ ਉਮਰ ਸਿਰਫ਼ 15 ਸਾਲ ਹੈ। ਇੱਥੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਮੈਡੀਕਲ ਲਈ ਭੇਜ ਦਿੱਤਾ ਹੈ। ਇਸ ਤਰ੍ਹਾਂ ਸਿੱਧੇ ਉਸ ਦੇ ਸਰੀਰ ਵਿੱਚ ਐਚ.ਆਈ.ਵੀ ਪਾਜ਼ਟਿਵ ਖੂਨ ਦਾ ਟੀਕਾ ਲਗਾ ਕੇ, ਹੁਣ ਉਸ ਨੂੰ ਐਚ.ਆਈ.ਵੀ. ਤੋਂ ਪੀੜਤ ਦੱਸਿਆ ਜਾ ਰਿਹਾ ਹੈ। ਸਿਰਫ 15 ਸਾਲ ਦੀ ਉਮਰ 'ਚ ਜਿਸ ਤਰ੍ਹਾਂ ਲੜਕੀ ਨੇ ਆਪਣੀ ਸਾਰੀ ਜ਼ਿੰਦਗੀ ਦਾਅ 'ਤੇ ਲਗਾ ਦਿੱਤੀ, ਉਸ ਨੂੰ ਭਵਿੱਖ 'ਚ ਇਸ ਗਲਤੀ ਦਾ ਪਛਤਾਵਾ ਵੀ ਕਰਨਾ ਪੈ ਸਕਦਾ ਹੈ। -PTC News

Related Post