ਕਾਂਗਰਸ ਦੀ 'ਭਾਰਤ ਜੋੜੋ' ਯਾਤਰਾ ਲਈ ਤਿੰਨ ਟੀਮਾਂ ਦਾ ਐਲਾਨ, ਰਵਨੀਤ ਬਿੱਟੂ ਦੀ ਹੋਈ ਚੋਣ
ਨਵੀਂ ਦਿੱਲੀ : ਕਾਂਗਰਸ ਪਾਰਟੀ ਪੂਰੇ ਦੇਸ਼ ਵਿੱਚ ਆਪਣੀ ਹਾਲਤ ਨੂੰ ਲੈ ਕੇ ਚਿੰਤਾ ਵਿੱਚ ਹੈ। ਰਾਜਸਥਾਨ ਦੇ ਉਦੈਪੁਰ ਵਿਚ ਹੋਏ ਸ਼ਿਵਿਰ ਕੈਂਪ ਦੌਰਾਨ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਸਥਿਤੀ ਨੂੰ ਸੁਧਾਰਨ ਲਈ ਆਪਣੇ-ਆਪਣੇ ਨੁਕਤੇ ਸਾਂਝੇ ਕੀਤੇ ਸਨ। ਇਸ ਦੌਰਾਨ ਕਾਂਗਰਸ ਪਾਰਟੀ ਨੇ 3500 ਕਿਲੋਮੀਟਰ ਲੰਬੀ 'ਭਾਰਤ ਜੋੜੋ ਯਾਤਰਾ' ਕਰਨ ਦਾ ਫ਼ੈਸਲਾ ਲਿਆ ਸੀ। ਰਿਪੋਰਟਾਂ ਮੁਤਾਬਕ ਇਸ ਯਾਤਰਾ ਨੂੰ ਪੰਜ-ਛੇ ਮਹੀਨਿਆਂ 'ਚ ਪੂਰਾ ਕਰਨ ਦੀ ਯੋਜਨਾ ਹੈ। ਉਦੈਪੁਰ ਚਿੰਤਨ ਸ਼ਿਵਿਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਪ੍ਰਧਾਨਗੀ ਹੇਠ ਤਿੰਨ ਟੀਮਾਂ ਦਾ ਐਲਾਨ ਕੀਤਾ ਹੈ। ਸਿਆਸੀ ਮਾਮਲਿਆਂ ਦੀ ਕਮੇਟੀ, ਟਾਸਕ ਫੋਰਸ-2024 ਅਤੇ ਭਾਰਤ ਜੋੜੋ ਯਾਤਰਾ ਲਈ ਕੇਂਦਰੀ ਯੋਜਨਾ ਸਮੂਹ। ਇਨ੍ਹਾਂ ਟੀਮਾਂ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਇਸ ਕਮੇਟੀ ਦੇ ਮੈਂਬਰ ਬਣੇ ਹਨ। ਜ਼ਿਕਰਯੋਗ ਹੈ ਕਿ 2 ਅਕਤੂਬਰ ਨੂੰ ਕੱਢੀ ਜਾਣ ਵਾਲੀ ‘ਭਾਰਤ ਜੋੜੋ’ ਯਾਤਰਾ ਲਈ ਸਿਵਲ ਸੁਸਾਇਟੀ ਦੇ ਮੈਂਬਰਾਂ ਅਤੇ ਹਮਖਿਆਲ ਸਿਆਸੀ ਪਾਰਟੀਆਂ ਤੱਕ ਪਹੁੰਚ ਕੀਤੀ ਜਾਵੇਗੀ। ਇਸ ਯਾਤਰਾ ਦੀਆਂ ਤਿਆਰੀਆਂ ਸਬੰਧੀ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਅਗਲੇ ਪ੍ਰੋਗਰਾਮ ਲਈ ਰੂਪਾ-ਰੇਖਾ ਉਲੀਕ ਦਿੱਤੀ। ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾਣ ਵਾਲੀ 3500 ਕਿਲੋਮੀਟਰ ਲੰਮੀ ਇਹ ਯਾਤਰਾ 12 ਰਾਜਾਂ ਵਿਚੋਂ ਹੋ ਕੇ ਲੰਘੇਗੀ ਅਤੇ ਦਹਾਕਿਆਂ ਵਿੱਚ ਪਹਿਲੀ ਪ੍ਰਮੁੱਖ ਮਸ਼ਕ ਹੋਵੇਗੀ, ਜੋ ਦੱਖਣ ਤੋਂ ਉੱਤਰ ਵਲ ਲਗਪਗ ਸਾਰੇ ਮੁਲਕ ਨੂੰ ਕਵਰ ਕਰੇਗੀ। ‘ਭਾਰਤ ਜੋੜੋ’ਯਾਤਰਾ ਕੱਢਣ ਦਾ ਐਲਾਨ ਉਦੈਪੁਰ ਵਿੱਚ ਹੋਏ ਚਿੰਤਨ ਸ਼ਿਵਿਰ ਵਿੱਚ ਕੀਤਾ ਗਿਆ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਰਾਜਾਂ ਦੇ 70 ਵਰਕਿੰਗ ਪ੍ਰਧਾਨਾਂ ਤੇ ਪਾਰਟੀ ਸ਼ਾਸਿਤ ਰਾਜਾਂ ਦੇ ਮੰਤਰੀਆਂ ਤੋਂ ਇਲਾਵਾ ਕੁਝ ਪਾਰਟੀ ਤਰਜਮਾਨਾਂ ਨਾਲ ਵੀ ਇਕ ਰੋਜ਼ਾ ਮੀਟਿੰਗ ਕਰਨਗੇ। ਆਗੂਆਂ ਨੇ ਕਿਹਾ ਕਾਂਗਰਸ ਪ੍ਰਧਾਨ ਉਦੈਪੁਰ ਐਲਾਨਨਾਮੇ ਦੇ ਫ਼ੈਸਲਿਆਂ ਨੂੰ ਪੜਾਅਵਾਰ ਢੰਗ ਨਾਲ ਅੰਤਿਮ ਰੂਪ ਦੇਣ ਲਈ ਜਲਦੀ ਹੀ ਹੋਰ ਐਲਾਨ ਕਰਨਗੇ। ਇਹ ਵੀ ਪੜ੍ਹੋ : ਜਲੰਧਰ ਦੇ ਸਿਵਲ ਸਰਜਨ ਦਫਤਰ ਨੂੰ ਮੁਲਾਜ਼ਮਾਂ ਨੇ ਲਗਾਇਆ ਤਾਲਾ