ਮਾਟੁੰਗਾ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਵੱਡਾ ਹਾਦਸਾ, ਪਟੜੀ ਤੋਂ ਉਤਰੇ ਪੁਡੂਚੇਰੀ ਐਕਸਪ੍ਰੈਸ ਦੇ ਤਿੰਨ ਡੱਬੇ
ਮੁੰਬਈ: ਮੁੰਬਈ ਦੇ ਮਾਟੁੰਗਾ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਪੁਡੂਚੇਰੀ ਐਕਸਪ੍ਰੈਸ ਦੇ ਤਿੰਨ ਡੱਬੇ ਮਾਟੁੰਗਾ ਅਤੇ ਦਾਦਰ ਸਟੇਸ਼ਨਾਂ ਵਿਚਕਾਰ ਪਟੜੀ ਤੋਂ ਉਤਰ ਗਏ। ਫਿਲਹਾਲ ਇਸ ਹਾਦਸੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤ ਕਰੀਬ 9:45 ਵਜੇ ਵਾਪਰਿਆ। ਜੀਆਰਪੀ ਨੇ ਟਵੀਟ ਕੀਤਾ ਹੈ ਕਿ ਰੇਲਵੇ ਪ੍ਰਸ਼ਾਸਨ ਜੰਗੀ ਪੱਧਰ 'ਤੇ ਫਸੇ ਯਾਤਰੀਆਂ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ। ਜੀਆਰਪੀ ਮੁੰਬਈ ਦੇ ਕਈ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਜੀਆਰਪੀ ਨੇ ਯਾਤਰੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ, 1512 ਡਾਇਲ ਕਰੋ ਅਤੇ ਸੂਚਿਤ ਕਰੋ। ਅਜੇ ਤੱਕ ਰੇਲਵੇ ਨੇ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਟਰੇਨ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਜਾਣ ਤੋਂ ਬਾਅਦ ਇਸ ਲਾਈਨ 'ਤੇ ਚੱਲਣ ਵਾਲੀਆਂ ਹੋਰ ਟਰੇਨਾਂ ਦਾ ਸੰਚਾਲਨ ਠੱਪ ਹੋ ਗਿਆ ਹੈ। ਇਸ ਦੇ ਨਾਲ ਹੀ ਟਰੇਨ 'ਚ ਬੈਠੇ ਯਾਤਰੀਆਂ 'ਚ ਹੰਗਾਮਾ ਅਤੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਪੁਡੂਚੇਰੀ ਐਕਸਪ੍ਰੈਸ (11005 ਦਾਦਰ-ਪੁਡੂਚੇਰੀ ਐਕਸਪ੍ਰੈਸ) ਅਤੇ ਗਦਗ (11139 ਸੀਐਸਐਮਟੀ-ਗਦਗ ਐਕਸਪ੍ਰੈਸ) ਐਕਸਪ੍ਰੈਸ ਨੂੰ ਹਾਦਸੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮੱਧ ਰੇਲਵੇ ਨੇ ਟਵੀਟ ਕਰਕੇ ਦੋਵਾਂ ਟਰੇਨਾਂ ਨੂੰ ਰੱਦ ਕਰਨ ਦੀ ਜਾਣਕਾਰੀ ਦਿੱਤੀ ਹੈ। ਇਹ ਵੀ ਪੜ੍ਹੋ: ਇਸ ਸੂਬੇ 'ਚ 1 ਰੁਪਏ ਲੀਟਰ ਵੇਚਿਆ ਗਿਆ ਪੈਟਰੋਲ, ਜਾਣੋ ਕਿਉਂ ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੇ ਰਾਤ 9:45 'ਤੇ ਉਸ ਸਮੇਂ ਵਾਪਰਿਆ, ਜਦੋਂ ਮੁੰਬਈ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੋਂ ਜਾ ਰਹੀ ਗਦਗ ਐਕਸਪ੍ਰੈੱਸ ਦਾ ਇੰਜਣ ਮਾਟੁੰਗਾ ਰੇਲਵੇ ਸਟੇਸ਼ਨ ਨੇੜੇ ਪੁਡੂਚੇਰੀ ਐਕਸਪ੍ਰੈੱਸ ਨਾਲ ਟਕਰਾ ਗਿਆ। ਦਾਦਰ ਸਟੇਸ਼ਨ ਤੋਂ ਦੋ ਐਕਸਪ੍ਰੈਸ ਰੇਲ ਗੱਡੀਆਂ ਉਸੇ ਸਮੇਂ ਰਵਾਨਾ ਹੋਈਆਂ ਸਨ ਅਤੇ ਪਤਾ ਲੱਗਾ ਹੈ ਕਿ ਇਹ ਟੱਕਰ ਉਸ ਜਗ੍ਹਾ ਹੋਈ ,ਜਿੱਥੇ ਦੋ ਪਟੜੀਆਂ ਇੱਕ ਦੂਜੇ ਨੂੰ ਕਰਾਸ ਕਰ ਰਹੀਆਂ ਸਨ। ਸਿੱਟੇ ਵਜੋਂ ਪੁਡੂਚੇਰੀ ਐਕਸਪ੍ਰੈਸ ਦੇ 3 ਪਿਛਲੇ ਡੱਬੇ ਪਟੜੀ ਤੋਂ ਉਤਰ ਗਏ। ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਾਦਰ-ਪੁਡੂਚੇਰੀ ਐਕਸਪ੍ਰੈਸ ਟਰੇਨ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਜਾਣ ਤੋਂ ਬਾਅਦ ਕੇਂਦਰੀ ਰੇਲਵੇ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਰੇਲਵੇ ਦੇ ਸੀਪੀ ਕੈਸਰ ਖਾਲਿਦ ਮੁਤਾਬਕ ਗਦਗ ਐਕਸਪ੍ਰੈਸ ਟਰੇਨ ਨੂੰ ਦਾਦਰ ਸਟੇਸ਼ਨ ਲਿਜਾਇਆ ਜਾ ਰਿਹਾ ਹੈ। ਰੇਲਗੱਡੀ ਵਿੱਚ ਆਰਪੀਐਫ ਦੀ ਸਖ਼ਤ ਤਾਇਨਾਤੀ ਹੈ ਅਤੇ ਸਾਰੇ ਯਾਤਰੀਆਂ ਦਾ ਸਮਾਨ ਸੁਰੱਖਿਅਤ ਹੈ। ਚਲੁਕਿਆ/ਪੁਡੂਚੇਰੀ ਐਕਸਪ੍ਰੈਸ ਰੇਲਗੱਡੀ ਤੋਂ ਯਾਤਰੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ ਅਤੇ ਸਥਿਤੀ ਦੇ ਆਮ ਹੋਣ ਤੱਕ ਸਾਰੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਰਹਿਣਗੇ। ਹਾਦਸੇ ਦੌਰਾਨ ਖਰਾਬ ਹੋਈ ਬਿਜਲੀ ਲਾਈਨ ਦੀ ਮੁਰੰਮਤ ਕੀਤੀ ਜਾ ਰਹੀ ਹੈ। -PTC News