ਗਗਨਦੀਪ ਸਿੰਘ ਅਹੂਜਾ, (ਪਟਿਆਲਾ, 19 ਅਗਸਤ): ਪਟਿਆਲਾ ਜ਼ਿਲ੍ਹੇ ਦੇ ਚੀਕਾ ਰੋਡ 'ਤੇ ਪਨਸਪ ਦੇ ਗੋਦਾਮਾਂ ਦੀਆਂ ਕਣਕ ਦੀਆਂ ਹਜ਼ਾਰਾਂ ਬੋਰੀਆਂ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਥਿੱਤ ਘਪਲੇ 'ਚ ਲਗਭਗ 3 ਕਰੋੜ ਦੀ ਕਣਕ ਗਾਇਬ ਹੋਈ ਦੱਸੀ ਜਾ ਰਹੀ ਜੋ ਕਿ 19,000 ਕਣਕ ਦੀਆਂ ਬੋਰੀਆਂ ਦੇ ਕਰੀਬ ਬਣਦੀਆਂ ਹਨ। ਪਨਸਪ ਦੇ ਜ਼ਿਲ੍ਹਾ ਮੈਨੇਜਰ ਅਮਿਤ ਕੁਮਾਰ ਦੀ ਸ਼ਿਕਾਇਤ 'ਤੇ ਪਟਿਆਲਾ ਸਦਰ ਦੀ ਪੁਲਿਸ ਵੱਲੋਂ ਪਨਸਪ ਪਟਿਆਲਾ ਕੇਂਦਰ-1 ਦੇ ਇੰਚਾਰਜ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਹਿਚਾਣ ਗੁਰਿੰਦਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਨਸਪ ਦੇ ਇੰਸਪੈਕਟਰ ਗੁਰਿੰਦਰ ਸਿੰਘ ਨੂੰ ਸਾਲ 2020-21 ਤੇ 2022-23 ਲਈ ਫ਼ਸਲ ਦੀ ਸਟਾਕ ਸਬੰਧੀ ਪਟਿਆਲਾ ਕੇਂਦਰ-1 ਦਾ ਇੰਚਾਰਜ ਲਗਾਇਆ ਗਿਆ ਸੀ। ਜਦੋਂ ਪਨਸਪ ਵੱਲੋਂ ਫ਼ਸਲ ਦੇ ਉਕਤ ਸਟਾਕ ਦੀ ਪੜਤਾਲ ਕੀਤੀ ਗਈ ਤਾਂ 19 ਹਜ਼ਾਰ ਦੇ ਕਰੀਬ ਕਣਕ ਦੀਆਂ ਬੋਰੀਆਂ ਗਾਇਬ ਪਾਈਆਂ ਗਈਆਂ। ਜਿਸ ਤਹਿਤ ਪਤਾ ਲੱਗਿਆ ਕਿ 3 ਕਰੋੜ ਰੁਪਏ ਦੇ ਕਰੀਬ ਰਕਮ ਦਾ ਕਥਿੱਤ ਘਪਲਾ ਮੁਲਜ਼ਮ ਨੇ ਕੀਤਾ ਹੈ। ਜਿਸ ਕਰ ਕੇ ਉਹ 20 ਜੁਲਾਈ 2022 ਤੋਂ ਲਗਾਤਾਰ ਨੌਕਰੀ ਤੋਂ ਗੈਰਹਾਜ਼ਰ ਸੀ। ਦੱਸਿਆ ਜਾ ਰਿਹਾ ਕਿ ਇਸ ਕਥਿੱਤ ਘਪਲੇ ਤੋਂ ਬਾਅਦ ਗੁਰਿੰਦਰ ਸਿੰਘ ਸਣੇ ਪਰਿਵਾਰ ਵਿਦੇਸ਼ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਸਦਰ ਦੇ ਡੀਐਸਪੀ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਕੇਸ ਦੀ ਮੁੱਢਲੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਪਨਸਪ ਦੇ ਇੰਸਪੈਕਟਰ ਗੁਰਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News