ਪਟਿਆਲਾ : ਪੰਜਾਬ ਵਿੱਚ ਬਿਜਲੀ ਦਾ ਸੰਕਟ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਪੰਜਾਬ ਵਿੱਚ ਕੋਲੇ ਦੀ ਕਮੀ ਕਾਰਨ ਥਰਮਲ ਪਲਾਟਾਂ ਉਤੇ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਕੋਲੇ ਦੀ ਕਮੀ ਕਾਰਨ ਗੋਇੰਦਰਵਾਲ ਸਥਿਤ ਜੀ.ਵੀ.ਕੇ. ਪਲਾਂਟ ਦਾ ਇੱਕੋ ਯੂਨਿਟ ਚੱਲ ਰਿਹਾ ਸੀ ਪਰ ਅੱਜ ਤੜਕੇ ਉਹ ਵੀ ਬੰਦ ਹੋ ਗਿਆ। ਜੀ ਵੀ ਕੇ ਥਰਮਲ ਪਲਾਂਟ 540 ਮੈਗਾਵਾਟ ਦਾ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਨੂੰ 540 ਮੈਗਾਵਾਟ ਦੀ ਕਮੀ ਹੋ ਗਈ ਹੈ। ਇਸ ਤੋਂ ਇਲਾਵਾ ਤਲਵੰਡੀ ਸਾਬੋ ਥਰਮਲ ਪਲਾਂਟ ਦਾ 660 ਮੈਗਾਵਾਟ ਦਾ ਇਕ ਯੂਨਿਟ ਵੀ ਕਈ ਦਿਨਾਂ ਤੋਂ ਬੰਦ ਹੈ ਤੇ ਇਸ ਦਾ ਆਉਂਦੇ ਮਹੀਨੇ ਤੱਕ ਚੱਲਣ ਦੀ ਉਮੀਦ ਹੈ। ਪੰਜਾਬ ਦੇ 2 ਨਿੱਜੀ ਥਰਮਲ ਪਲਾਂਟਾਂ ਦੇ 3 ਯੂਨਿਟ ਬੰਦ ਹਨ ਅਤੇ ਕੁੱਲ 1200 ਮੈਗਾਵਾਟ ਦੀ ਕਮੀ ਦਾ ਸਾਹਮਣਾ ਪਾਵਰਕਾਮ ਨੂੰ ਕਰਨਾ ਪੈ ਰਿਹਾ ਹੈ। ਜਿਸ ਕਾਰਨ ਪੰਜਾਬ ਵਿੱਚ ਬਿਜਲੀ ਦਾ ਸੰਕਟ ਵੱਧ ਸਕਦਾ ਹੈ ਤੇ ਲੋਕਾਂ ਨੂੰ ਹਨੇਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਪਾਵਰਕਾਮ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ। ਅੱਗ ਗਰਮੀ ਦਾ ਮੌਸਮ ਅਤੇ ਝੋਨੇ ਦਾ ਸੀਜ਼ਨ ਹੋਣ ਕਾਰਨ ਬਿਜਲੀ ਦੀ ਮੰਗ ਕਾਫੀ ਵੱਧ ਜਾਂਦੀ ਹੈ, ਜਦਕਿ ਪੰਜਾਬ ਦੇ ਥਰਮਲ ਪਲਾਂਟਾਂ ਕੋਲ ਪਹਿਲਾਂ ਹੀ ਕੋਲੇ ਦੀ ਕਾਫੀ ਕਮੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿਚ ਇਕ ਗਰਮੀ ਅਤੇ ਦੂਜਾ 10-10 ਘੰਟੇ ਲੱਗ ਰਹੇ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਅਜੇ ਬਿਜਲੀ ਦੀ ਡਿਮਾਂਡ ਘੱਟ ਹੈ, ਉਤਪਾਦਨ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਬਿਜਲੀ ਕੱਟ ਲੱਗ ਰਹੇ ਹਨ। ਇਸ ਸਮੇਂ ਰੋਪੜ ਥਰਮਲ ਪਲਾਂਟ ਲਹਿਰਾ ਮੁਹੱਬਤ,ਰਾਜਪੁਰਾ ਕੋਲ ਨਾ ਮਾਤਰ ਹੀ ਕੋਲੇ ਦਾ ਸਟਾਕ ਹੈ। ਤਲਵੰਡੀ ਸਾਬੋ ਅਤੇ ਗੋਇੰਦਵਾਲ ਪਲਾਂਟਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਇੱਕ ਦਿਨ ਤੋਂ ਵੀ ਘੱਟ ਕੋਲਾ ਪਿਆ ਹੈ। ਰੋਪੜ ਵਿੱਚ ਚਾਰ ਵਿੱਚੋਂ ਤਿੰਨ ਯੂਨਿਟ ਚੱਲ ਰਹੇ ਹਨ। ਲਹਿਰਾ ਮੁਹੱਬਤ ਵਿੱਚ ਵੀ ਚਾਰ ਵਿੱਚੋਂ ਤਿੰਨ ਯੂਨਿਟ ਚੱਲ ਰਹੇ ਹਨ। ਰਾਜਪੁਰਾ ਦੇ ਦੋ ਯੂਨਿਟ ਚਾਲੂ ਹਨ। ਤਲਵੰਡੀ ਸਾਬੋ ਦੇ ਤਿੰਨ ਯੂਨਿਟ ਅੱਧੀ ਸਮਰੱਥਾ ਨਾਲ ਚੱਲ ਰਹੇ ਹਨ। ਸਰਕਾਰੀ ਥਰਮਲ ਪਲਾਂਟ ਠੱਪ ਹੋਣ ਦੇ ਕਿਨਾਰੇ ਹਨ। ਇਹ ਵੀ ਪੜ੍ਹੋ : ਗੁਰੂਹਰਸਹਾਏ 'ਚ ਅੱਗ ਲੱਗਣ ਨਾਲ ਕਈ ਏਕੜ ਕਣਕ ਸੜ ਕੇ ਹੋਈ ਸੁਆਹ