ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਨੂੰ ਆਊਟਸੋਰਸ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ

By  Pardeep Singh September 13th 2022 07:07 AM

ਚੰਡੀਗੜ੍ਹ:ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੁਆਰਾ ਨਿਯੁਕਤ ਕੀਤੇ ਆਊਟਸੋਰਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਠੇਕੇਦਾਰਾਂ/ਆਊਟਸੋਰਸਿੰਗ ਏਜੰਸੀਆਂ ਦੀ ਕੁੱਲ ਗਿਣਤੀ ਦੇ ਅੰਕੜਿਆਂ ਨੂੰ ਇਕੱਠਾ ਕਰਨ ਲਈ ਨਿਰਦੇਸ਼ ਦਿੱਤੇ ਹਨ। ਦਫ਼ਤਰ ਵਿਖੇ 'ਠੇਕਾ ਮੁਲਾਜਮ ਸੰਘਰਸ਼ ਮੋਰਚਾ' ਨਾਲ ਸੁਖਾਵੇਂ ਮਾਹੌਲ 'ਚ ਹੋਈ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਮੋਰਚੇ ਦੇ ਨੁਮਾਇੰਦਿਆਂ ਵੱਲੋਂ ਉਠਾਏ ਮੁੱਦਿਆਂ ਅਤੇ ਮੰਗਾਂ ਸਬੰਧੀ ਮੌਕੇ 'ਤੇ ਹੀ ਸਬੰਧਿਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਜਲਦੀ ਤੋਂ ਜਲਦੀ ਢੁਕਵੇਂ ਹੱਲ ਲਈ ਕੰਮ ਕੀਤਾ ਜਾ ਸਕੇ। ਆਊਟਸੋਰਸ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਸੁਣਦਿਆਂ ਚੀਮਾ ਨੇ ਸਾਰੇ ਸਰਕਾਰੀ ਵਿਭਾਗਾਂ ਅਤੇ ਕਾਰਪੋਰੇਸ਼ਨਾਂ, ਸੁਸਾਇਟੀਆਂ ਅਤੇ ਕਮੇਟੀਆਂ ਆਦਿ ਵੱਲੋਂ ਆਊਟਸੋਰਸ ਕੀਤੇ ਮੁਲਾਜ਼ਮਾਂ ਦਾ ਪੂਰਾ ਡਾਟਾ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਯੋਗਤਾ ਅਤੇ ਤਜ਼ਰਬੇ ਨੂੰ ਵੀ ਡਾਟਾ ਵਿੱਚ ਸ਼ਾਮਲ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਸਬੰਧਤ ਆਊਟਸੋਰਸਿੰਗ ਕੰਪਨੀਆਂ ਜਾਂ ਏਜੰਸੀਆਂ ਦੇ ਕਮਿਸ਼ਨ ਸਮੇਤ ਆਊਟਸੋਰਸਿੰਗ ਰਾਹੀਂ ਇਨ੍ਹਾਂ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ 'ਤੇ ਹੋਣ ਵਾਲੇ ਕੁੱਲ ਵਿੱਤੀ ਖਰਚੇ ਦੀ ਵੀ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ। ਮੋਰਚੇ ਦੇ ਨੁਮਾਇੰਦਿਆਂ ਨਾਲ ਵਿਭਾਗਵਾਰ ਵਿਚਾਰ ਵਟਾਂਦਰੇ ਦੌਰਾਨ ਵਿੱਤ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਸਾਰੇ ਜਾਇਜ਼ ਮਸਲੇ ਜਲਦੀ ਹੱਲ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਵਿਭਾਗਾਂ ਤੋਂ ਡਾਟਾ ਪ੍ਰਾਪਤ ਕਰਨ ਉਪਰੰਤ ਜਲਦੀ ਹੀ ਉਨ੍ਹਾਂ ਦੇ ਮਸਲਿਆਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨਗੇ। ਇਹ ਵੀ ਪੜ੍ਹੋ : PSPCL 'ਚ ਸਹਾਇਕ ਲਾਈਨਮੈਨਜ਼ ਦੀਆਂ 2000 ਅਸਾਮੀਆਂ 'ਤੇ ਛੇਤੀ ਹੋਵੇਗੀ ਭਰਤੀ : ਹਰਭਜਨ ਸਿੰਘ ਈਟੀਓ -PTC News

Related Post