ਮਜ਼ਦੂਰਾਂ ਨੇ ਫੈਕਟਰੀ ਮਾਲਕ 'ਤੇ ਕੁੱਟਮਾਰ ਦੇ ਲਗਾਏ ਦੋਸ਼, ਵੱਧ ਸਮਾਂ ਕੰਮ ਕਰਨ ਲਈ ਕੀਤਾ ਜਾਂਦਾ ਮਜਬੂਰ
ਜਲੰਧਰ : ਜਲੰਧਰ ਦੇ ਮਕਸੂਦਾਂ ਵਿੱਚ ਸਥਿਤ ਡੀਬੀਐਨ ਪੈਕੇਜਿੰਗ ਪ੍ਰਾਈਵੇਟ ਲਿਮਟਿਡ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਫੈਕਟਰੀ ਮਾਲਕ ਵੱਲੋਂ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਵੱਧ ਸਮਾਂ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਮਕਸੂਦਾਂ ਸਥਿਤ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਫੈਕਟਰੀ ਵਿੱਚ ਗੱਤੇ ਬਣਾਉਣ ਦਾ ਕੰਮ ਹੁੰਦਾ ਹੈ। ਉਹ ਧਰਨਾ ਲਾਉਣ ਲਈ ਇਸ ਕਰਕੇ ਮਜਬੂਰ ਹੋਏ ਹਨ ਕਿ ਪਿਛਲੇ ਕਈ ਮਹੀਨਿਆਂ ਤੋਂ ਮਾਲਕ ਫੈਕਟਰੀ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਜ਼ਿਆਦਾ ਕੰਮ ਕਰਨ ਲਈ ਕਹਿੰਦਾ ਹੈ ਅਤੇ ਜੇਕਰ ਮਜ਼ਦੂਰ ਇਨਕਾਰ ਕਰਦਾ ਤਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ। ਲੇਬਰ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਧਰਨਾ ਇਸ ਕਰ ਕੇ ਦਿੱਤਾ ਕਿਉਂਕਿ ਕੱਲ੍ਹ ਮਾਲਕ ਨੇ ਫੈਕਟਰੀ ਵਿੱਚ ਕੰਮ ਕਰਦੇ 15 ਸਾਲਾ ਲੜਕੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਅੰਦਰ ਬੰਦ ਕਰਕੇ ਕੰਮ ਲਈ ਮਜਬੂਰ ਕੀਤਾ। ਫੈਕਟਰੀ ਦਾ ਮਾਲਕ ਉਨ੍ਹਾਂ ਨੂੰ ਰੋਜ਼ ਧਮਕੀਆਂ ਦਿੰਦਾ ਹੈ ਅਤੇ ਜ਼ਬਰਦਸਤੀ ਕੰਮ ਕਰਵਾਉਂਦਾ ਹੈ। ਫੈਕਟਰੀ ਵਿੱਚ ਕੰਮ ਕਰਨ ਵਾਲੀ ਇਕ ਹੋਰ 19 ਸਾਲਾ ਲੜਕੀ ਨੇ ਦੱਸਿਆ ਕਿ ਉਹ ਕਰੀਬ ਤਿੰਨ-ਚਾਰ ਮਹੀਨਿਆਂ ਤੋਂ ਫੈਕਟਰੀ ਵਿੱਚ ਕੰਮ ਕਰ ਰਹੀ ਹੈ ਅਤੇ ਕੁਝ ਮਹੀਨਿਆਂ ਤੋਂ ਫੈਕਟਰੀ ਮਾਲਕ ਉਸ ਨੂੰ ਰਾਤ 1 ਵਜੇ ਤੱਕ ਕੰਮ ਕਰਨ ਲਈ ਮਜਬੂਰ ਕਰਦਾ ਸੀ। ਮਜ਼ਦੂਰ ਲੜਕੀ ਨੇ ਦੱਸਿਆ ਕਿ ਉਸ ਵੱਲੋਂ ਕਈ ਵਾਰ ਮਨ੍ਹਾਂ ਕਰਨ ਦੇ ਬਾਵਜੂਦ ਫੈਕਟਰੀ ਮਾਲਕ ਉਸ ਨੂੰ ਜ਼ਬਰਦਸਤੀ ਕੰਮ ਕਰਵਾਉਂਦਾ ਹੈ ਅਤੇ ਜੇਕਰ ਉਹ ਘਰ ਜਾਣ ਲੱਗਦੀ ਹਾਂ ਤਾਂ ਉਸ ਨੂੰ ਜ਼ਬਰਦਸਤੀ ਕੰਮ ਕਰਨ ਲਈ ਆਖਦਾ ਹੈ ਅਤੇ ਬਾਹਰੋਂ ਫੈਕਟਰੀ ਨੂੰ ਤਾਲਾ ਲਗਾ ਕੇ ਚਲਾ ਜਾਂਦਾ ਹੈ। ਇਸ ਕਾਰਨ ਉਹ ਫੈਕਟਰੀ ਵਿਚ ਬੰਦ ਹੋ ਜਾਂਦੇ ਹਨ ਤੇ ਉਨ੍ਹਾਂ ਮਜਬੂਰਨ ਕੰਮ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਇਕ ਮੁਲਾਜ਼ਮ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਧਰਨੇ 'ਤੇ ਬੈਠਾ ਸੀ ਤਾਂ ਉਸ ਨੂੰ ਫੈਕਟਰੀ ਦੇ ਮਾਲਕ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਨਾ ਤਾਂ ਪੁਲਿਸ ਉਸ ਦਾ ਕੁਝ ਉਖਾੜ ਨਹੀਂ ਸਕਦੀ ਹੈ ਅਤੇ ਨਾ ਹੀ ਇਹ ਵਿਕਾਊ ਮੀਡੀਆ ਉਸ ਦਾ ਕੁਝ ਉਖਾੜ ਸਕਦਾ ਹੈ। ਇਸ ਮਾਮਲੇ ਸਬੰਧੀ ਐਸਐਚਓ ਥਾਣਾ 1 ਜਲੰਧਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਬੀਤੀ ਰਾਤ ਮਜ਼ਦੂਰਾਂ ਵੱਲੋਂ ਦਿੱਤੀ ਗਈ ਸੀ। ਪੁਲਿਸ ਤੁਰੰਤ ਮੌਕੇ ਉਤੇ ਆ ਗਈ ਸੀ ਅਤੇ ਅੱਜ ਵਰਕਰਾਂ ਵੱਲੋਂ ਧਰਨਾ ਦੇਣ ਦੇ ਕਾਰਨ ਉਹ ਮੌਕੇ ਉਤੇ ਪੁੱਜੇ ਹਨ। ਪੁਲਿਸ ਵੱਲੋਂ ਸਾਰਾ ਮਾਮਲਾ ਦੇਖ ਲਿਆ ਗਿਆ ਅਤੇ ਬਣਦੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਫੈਕਟਰੀ ਮਾਲਕ ਨੇ ਇਸ ਮਾਮਲੇ ਵਿੱਚ ਮੀਡੀਆ ਤੋਂ ਦੂਰੀ ਬਣਾ ਰੱਖੀ ਹੈ। -PTC News ਇਹ ਵੀ ਪੜ੍ਹੋ : ਟੈਂਡਰ ਘੁਟਾਲਾ ਮਾਮਲਾ : ਆਸ਼ੂ ਦੇ ਪੀਏ ਇੰਦਰਜੀਤ ਇੰਦੀ ਦੀ ਜ਼ਮਾਨਤ ਅਰਜ਼ੀ ਖ਼ਾਰਿਜ