ਪਟਿਆਲਾ : ਬੀਜ ਵਿਕ੍ਰੇਤਾਵਾਂ ਵੱਲੋਂ ਸੂਰਜਮੁਖੀ ਦਾ ਨਕਲੀ ਬੀਜ ਵੇਚੇ ਜਾਣ ਕਾਰਨ ਰਾਜਪੁਰਾ ਦੇ ਪਿੰਡਾਂ ਵਿੱਚ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਬੀਜ ਵਿਕ੍ਰੇਤਾਵਾਂ ਵਿਰੁੱਧ ਕਾਰਵਾਈ ਤੇ ਮੁਆਵਜ਼ੇ ਨੂੰ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਲੰਬੇ ਸਮੇਂ ਤੋਂ ਸੰਘਰਸ਼ ਰਹੀਆਂ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ, ਖੇਤੀਬਾੜੀ ਵਿਭਾਗ ਅਤੇ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਹੈ। ਇਸ ਮੰਗ ਸਬੰਧੀ ਕਿਸਾਨ ਜਥੇਬੰਦੀ ਵੱਲ਼ੋਂ 28 ਜੁਲਾਈ ਨੂੰ ਰਾਜਪੁਰਾ ਵਿੱਚ ਵਿਸ਼ਾਲ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਜੋ ਕੰਪਨੀ ਬੰਦ ਹੋ ਚੁੱਕੀ ਹੈ, ਪੰਜਾਬ ਵਿੱਚ ਉਸ ਕੰਪਨੀ ਦੀ ਬੀਜ ਵੇਚੇ ਜਾਣ ਤੇ ਕਿਸਾਨਾਂ ਦਾ ਨੁਕਸਾਨ ਹੋਣ ਵਿਰੁੱਧ ਕੱਲ੍ਹ ਨੂੰ ਰਾਜਪੁਰਾ ਦੇ ਫੁਆਰਾ ਚੌਕ ਉਤੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਹ ਧਰਨਾ ਉਨ੍ਹਾਂ ਕਿਸਾਨਾਂ ਨੂੰ ਇਨਸਾਫ ਦੁਆਉਣ ਲਈ ਚੱਲ ਰਿਹਾ ਹੈ। ਸੂਰਜਮੁਖੀ ਦਾ ਨਕਲੀ ਬੀਜ ਵੇਚੇ ਜਾਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਸੂਰਜਮੁਖੀ ਤਬਾਹ ਹੋ ਗਈ। ਉਨ੍ਹਾਂ ਕਿਸਾਨਾਂ ਦਾ ਪ੍ਰਤੀ ਏਕੜ 75 ਤੋਂ 78 ਹਜ਼ਾਰ ਰੁਪਈਏ ਦਾ ਨੁਕਸਾਨ ਹੋ ਗਿਆ। ਕਿਸਾਨਾਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਲਗਾਤਾਰ ਮੰਗ ਕਰਦੀ ਆ ਰਹੀ ਹੈ ਕਿ ਉਨ੍ਹਾਂ ਕਿਸਾਨਾਂ ਨੂੰ 78-78 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਖੇਤੀਬਾੜੀ ਦੇ ਅਫ਼ਸਰ ਜਿਨ੍ਹਾਂ ਨੇ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਲਾਇਸੈਂਸ ਦਿੱਤਾ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨਕਲੀ ਬੀਜ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ 420 ਅਤੇ 120-B ਅਤੇ ਹੋਰ ਘਟੀਆ ਬੀਜ ਵੇਚਣ ਦੇ ਮਾਮਲੇ ਵਿੱਚ ਬਣਦੇ ਕੇਸ ਮੜ੍ਹ ਕੇ ਜੇਲ੍ਹਾਂ ਅੰਦਰ ਭੇਜਿਆ ਜਾਵੇ। ਇਸ ਲਈ ਆਓ ਕੱਲ੍ਹ ਨੂੰ ਵੱਡੀ ਗਿਣਤੀ ਵਿੱਚ ਰਾਜਪੁਰਾ ਫੁਹਾਰਾ ਚੌਕ ਵਿਚ ਕਿਸਾਨਾਂ ਦੇ ਧਰਨੇ ਵਿੱਚ ਪਹੁੰਚੋ। ਕੱਲ੍ਹ ਦੇ ਧਰਨੇ ਵਿਚ ਜਿਥੇ ਕਿਸਾਨ ਆਗੂ ਆਪਣੇ ਵਿਚਾਰ ਪੇਸ਼ ਕਰਨਗੇ ਉੱਥੇ ਇਸ ਧਰਨੇ ਵਿੱਚ ਨਾਟਕ ਤੇ ਡਰਾਮਿਆਂ ਰਾਹੀਂ ਸਰਕਾਰ ਦੀ ਨੀਤੀਆਂ ਉਤੇ ਚੋਟ ਵੀ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਮਹਾਰਾਜਾ ਰਣਜੀਤ ਸਿੰਘ ਦੇ ਮਿਊਜ਼ੀਅਮ ਨੂੰ ਅਣਗੌਲਿਆ ਕਰਨਾ ਮੰਦਭਾਗਾ : ਅਨਮੋਲ ਗਗਨ ਮਾਨ