ਫਿਲਮਾਂ ਤੋਂ ਕਿਸਾਨੀ ਅੰਦੋਲਨ ਤੱਕ ਦਾ ਸਫ਼ਰ, ਜਾਣੋ ਦੀਪ ਸਿੱਧੂ ਬਾਰੇ ਦਿਲਚਸਪ ਗੱਲਾਂ
ਚੰਡੀਗੜ੍ਹ: ਪੰਜਾਬੀ ਫਿਲਮਾਂ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਦੀਪ ਸਿੱਧੂ ਦਾ ਜੱਦੀ ਪਿੰਡ ਉਦੇਕਰਨ ਪੰਜਾਬ ਦੇ ਸ੍ਰੀ ਮੁਕਤਸਰ ਵਿੱਚ ਸਥਿਤ ਹੈ। ਉਨ੍ਹਾਂ ਨੇ ਆਪਣਾ ਬਚਪਨ ਇਸ ਪਿੰਡ ਵਿਚ ਹੀ ਬਤੀਤ ਕੀਤਾ ਸੀ ਅਤੇ ਸ੍ਰੀ ਮੁਕਤਸਰ ਦੇ ਸਰਕਾਰੀ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਸੀ। ਉਨ੍ਹਾਂ ਦਾ ਜਨਮ 2 ਅਪ੍ਰੈਲ 1984 ਨੂੰ ਹੋਇਆ। ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਜਾਣਕਾਰੀ ਅਨੁਸਾਰ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਪ੍ਰੈਲ 1984 ਵਿੱਚ ਪੰਜਾਬ ਦੇ ਸ੍ਰੀ ਮੁਕਤਸਰ ਜ਼ਿਲ੍ਹੇ ਤੋਂ ਕੀਤੀ ਸੀ। ਮੁੱਢਲੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਸੀ। ਉਸ ਦੇ ਪਿਤਾ ਵੀ ਵਕੀਲ ਸਨ ਅਤੇ ਗਿੱਦੜਬਾਹਾ 'ਚ ਤਾਇਨਾਤ ਸਨ। ਜਿਸ ਸਮੇਂ ਦੀਪ ਸਿੱਧੂ 4 ਵਰ੍ਹਿਆ ਦਾ ਸੀ ਤਾਂ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ। ਉਸ ਨੇ ਕਿੰਗਰਫਿਸ਼ਰ ਮਾਡਲ ਹੰਟ ਵੀ ਜਿੱਤਿਆ ਸੀ ਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਮਿਸਟਰ ਇੰਡੀਆ ਮੁਕਾਬਲੇ ਵਿੱਚ ਮਿਸਟਰ ਪਰਸਨੈਲਿਟੀ ਖਿਤਾਬ ਵੀ ਆਪਣੇ ਨਾਮ ਕੀਤਾ ਸੀ। ਦੀਪ ਸਿੱਧੂ ਦੀ ਸਭ ਤੋਂ ਪਹਿਲੀ ਪੰਜਾਬੀ ਫਿਲਮ 2015 ਵਿੱਚ ਰਿਲੀਜ਼ ਹੋਈ ਸੀ। ਦੀਪ ਸਿੱਧੂ ਨੇ ਜੋਰਾ ਦਾਸ ਨੰਬਰੀਆ ਫਿਲਮ 'ਚ ਗੈਂਗਸਟਰ ਦੀ ਭੂਮਿਕਾ ਕੇ ਮਕਬੂਲੀਅਤ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਰੰਗ ਪੰਜਾਬ ਤੇ ਰਮਤਾ ਜੋਗੀ ਵਰਗੀਆਂ ਫਿਲਮਾਂ ਵਿੱਚ ਅਦਾਕਾਰੀ ਦਾ ਲੋਹਾ ਮਨਵਾਇਆ। ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। 26 ਜਨਵਰੀ ਵਾਲੇ ਦਿਨ ਕਿਸਾਨੀ ਅੰਦੋਲਨ ਦੌਰਾਨ ਲਾਲ ਕਿਲ੍ਹੇ 'ਤੇ ਹੋਏ ਕਾਂਡ ਮਗਰੋਂ ਦੀਪ ਸਿੱਧੂ ਕਾਫੀ ਚਰਚਾ ਵਿੱਚ ਆ ਗਏ ਸਨ। ਲਾਲ ਕਿਲ੍ਹਾ ਮਾਮਲੇ 'ਚ ਦੀਪ ਸਿੱਧੂ ਨੂੰ ਨਾਮਜ਼ਦ ਵੀ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ 27 ਅਪ੍ਰੈਲ 2021 ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਕਿਸਾਨੀ ਅੰਦੋਲਨ ਦੌਰਾਨ ਉਸ ਦੇ ਭਾਸ਼ਣਾਂ ਕਾਰਨ ਲੋਕ ਕਾਫੀ ਪ੍ਰਭਾਵਿਤ ਹੋਏ ਸਨ। ਇਸ ਕਾਰਨ ਨੌਜਵਾਨ ਪੀੜ੍ਹੀ ਉਸ ਤੋਂ ਕਾਫੀ ਪ੍ਰਭਾਵਿਤ ਹੋਈ ਸੀ ਕੁਝ ਵਰਗ ਨੇ ਉਸ ਦੀ ਅਲੋਚਨਾ ਵੀ ਕੀਤੀ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਅਦਾਕਾਰ ਦੀਪ ਸਿੱਧੂ ਦਾ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਇਸ ਕਾਰਨ ਫਿਲਮ ਜਗਤ ਵਿੱਚ ਸਦਮੇ ਦੀ ਲਹਿਰ ਅਤੇ ਪੰਜਾਬ ਦੀਆਂ ਮੁੱਖ ਸ਼ਖ਼ਸੀਅਤਾਂ ਨੇ ਇਸ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਹ ਵੀ ਪੜ੍ਹੋ :ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ