ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਫੇਫੜੇ ਕਹੇ ਜਾਣ ਵਾਲੇ ਮੱਤੇਵਾੜਾ ਦੇ ਜੰਗਲਾਂ ਨੂੰ ਲੈ ਕੇ ਅੱਜ-ਕੱਲ੍ਹ ਕਾਫੀ ਵਿਵਾਦ ਚੱਲ ਰਿਹਾ ਹੈ। ਸਰਕਾਰ ਵੱਲੋਂ ਇਥੇ ਇੰਡਸਟਰੀ ਲਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ ਇਲਾਕਾ ਵਾਸੀ ਤੇ ਵਾਤਾਵਾਰਣ ਪ੍ਰੇਮੀ ਸੰਸਥਾਵਾਂ ਚਾਹੁੰਦੀਆਂ ਹਨ ਕਿ ਇਨ੍ਹਾਂ ਜੰਗਲਾਂ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਇਸ ਤਹਿਤ ਪਬਲਿਕ ਐਕਸ਼ਨ ਕਮੇਟੀ ਨੇ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਸੀ। ਐਕਸ਼ਨ ਕਮੇਟੀ ਦੇ ਇਸ ਮੋਰਚੇ ਨੂੰ ਕਈ ਸਿਆਸੀ ਪਾਰਟੀਆਂ ਦੀ ਵੀ ਹਮਾਇਤ ਮਿਲ ਗਈ ਸੀ। ਪਬਲਿਕ ਐਕਸ਼ਨ ਕਮੇਟੀ ਨੇ ਅੱਜ ਸਵੇਰ ਤੋਂ ਹੀ ਇਥੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਸੀ ਅਤੇ ਇਨ੍ਹਾਂ ਨੂੰ ਜੰਗਲਾਂ ਨੂੰ ਨਾ ਉਜਾੜੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦਰਮਿਆਨ ਕੱਲ੍ਹ 11 ਵਜੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਦੇ ਭਰੋਸੇ ਮਗਰੋਂ ਐਕਸ਼ਨ ਕਮੇਟੀ ਨੇ ਫਿਲਹਾਲ ਆਪਣਾ ਧਰਨਾ ਚੁੱਕ ਲਿਆ ਹੈ। ਕੱਲ੍ਹ 11 ਵਜੇ ਚੰਡੀਗੜ੍ਹ ਵਿਖੇ ਪਬਲਿਕ ਐਕਸ਼ਨ ਕਮੇਟੀ ਦੇ ਅੱਠ ਮੈਂਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਨਗੇ। ਪਬਲਿਕ ਐਕਸ਼ਨ ਕਮੇਟੀ ਦੇ ਅੱਠ ਮੈਂਬਰ ਵਿੱਚੋਂ ਆਗੂ ਰਣਜੋਧ ਸਿੰਘ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ। ਪਬਲਿਕ ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਜੇ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਲਿਖਤੀ ਰੂਪ ਵਿੱਚ ਭਰੋਸਾ ਨਾ ਦਿੱਤਾ ਕਿ ਮੱਤੇਵਾੜਾ ਦੇ ਜੰਗਲਾਂ ਨੂੰ ਉਜਾੜ ਕੇ ਇੰਡਸਟਰੀ ਨਹੀਂ ਲੱਗੇਗੀ ਤਾਂ ਫਿਰ ਮੱਤੇਵਾੜਾ ਦੇ ਜੰਗਲਾਂ ਕੋਲ ਸਤਲੁਜ ਬੰਨ੍ਹ ਉਤੇ ਪੱਕਾ ਮੋਰਚਾ ਲਗਾਉਣਗੇ। ਜ਼ਿਕਰਯੋਗ ਹੈ ਕਿ ਮੈਗਾ ਟੈਕਸਟਾਈਲ ਪਾਰਕ ਪ੍ਰਾਜੈਕਟ ਦੇ ਵਿਰੋਧ 'ਚ ਅੱਜ ਪੰਜਾਬ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਪ੍ਰਦਰਸ਼ਨ ਕਰਨ ਵਾਲਿਆਂ ਦਾ ਤਰਕ ਹੈ ਕਿ ਮੈਗਾ ਟੈਕਸਟਾਈਲ ਪ੍ਰਾਜੈਕਟ ਨਾਲ ਹਜ਼ਾਰਾਂ ਏਕੜ ਜੰਗਲਾਂ ਤੇ ਸਤਲੁਜ ਦਰਿਆ ਦਾ ਵੱਡਾ ਇਲਾਕਾ ਪ੍ਰਭਾਵਿਤ ਹੋਵੇਗਾ। ਇਸ ਦੇ ਨਾਲ ਉਜਾੜਾ ਹੋਵੇਗਾ ਜਿਸ ਨਾਲ ਸਿਰਫ ਮਨੁੱਖ ਹੀ ਨਹੀਂ ਬਲਕਿ ਪਸ਼ੂ, ਪੰਛੀ ਤੇ ਹੋਰ ਜੀਵ ਵੀ ਪ੍ਰਭਾਵਿਤ ਹੋਣਗੇ। ਇਸ ਦੇ ਨਾਲ ਹੀ ਅੱਜ ਮੱਤੇਵਾੜਾ ਦੇ ਜੰਗਲਾਂ ਦੇ ਕੋਲ ਸਤਲੁਜ ਦਰਿਆ ਤੇ ਪਬਲਿਕ ਐਕਸ਼ਨ ਕਮੇਟੀ ਨੇ ਮੋਰਚਾ ਲਾ ਦਿੱਤਾ ਸੀ। ਇਨ੍ਹਾਂ ਵਿੱਚ ਕਈ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ, ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ,ਕਾਂਗਰਸ ਦੇ ਵੱਡੇ ਆਗੂ ਇਸ ਮੋਰਚੇ ਵਿਚ ਸ਼ਾਮਲ ਹੋਏ ਸਨ। ਮੱਤੇਵਾੜਾ ਦੇ ਜੰਗਲਾਂ 'ਚ ਇੰਡਸਟਰੀ ਲਾਉਣ ਨੂੰ ਲੈ ਕੇ ਸਰਕਾਰ ਦੇ ਖ਼ਿਲਾਫ਼ ਰੋਸ ਵਜੋਂ ਇਹ ਮੋਰਚਾ ਲਾਇਆ ਗਿਆ ਸੀ। ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਸਾਮਾਨ 'ਚ ਸਨਾਈਪਰ ਰਾਈਫਲ ਦੇ ਕਾਰਤੂਸ ਲਿਜਾ ਰਿਹਾ ਨੌਜਵਾਨ ਕਾਬੂ