ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੀ ਕੀਤੀ ਸਫ਼ਾਈ

By  Pardeep Singh October 23rd 2022 04:39 PM

ਅੰਮ੍ਰਿਤਸਰ: ਸ੍ਰੀ ਅੰਮ੍ਰਿਤਸਰ ਸਾਹਿਬ ਦੀ ਵਿਸ਼ਵ ਪ੍ਰਸਿੱਧ ਦੀਵਾਲੀ ਮੌਕੇ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਵਾਲੀ ਸੰਗਤ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਕਤ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਅਤੇ ਜਿਲ੍ਹੇ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਦੀ ਸਫਾਈ ਕੀਤੀ।  ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਕਾਰਪੋਰੇਸ਼ਨ ਕੁਮਾਰ ਸੌਰਭ ਰਾਜ, ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ, ਵਧੀਕ ਕਮਿਸ਼ਨਰ  ਪਰਮਿੰਦਰ ਸਿੰਘ ਭੰਡਾਲ ਅਤੇ ਹੋਰ ਅਧਿਕਾਰੀ ਵੀ ਨਾਲ ਸਨ। ਉਨ੍ਹਾਂ ਆਪ ਗਲੀ ਵਿੱਚ ਖਿਲਰੇ ਕੂੜੇ ਨੂੰ ਚੁੱਕਿਆ ਅਤੇ ਲੋਕਾਂ ਨੂੰ ਸ਼ਹਿਰ ਦੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਰੱਖਣੀ ਕੇਵਲ ਕਾਰਪੋਰੇਸ਼ਨ ਦੇ ਕਰਮਚਾਰੀਆਂ ਦਾ ਹੀ ਨਹੀਂ, ਬਲਕਿ ਸਾਡਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾਂ ਸਾਰੇ ਆਪਣੇ ਕੂੜੇ ਨੂੰ ਡਸਟਬਿਨ ਵਿੱਚ ਸੁੱਟੀਏ ਤਾਂ ਇੰਨਾ ਦਾ ਕੰਮ ਅਸਾਨ ਹੋਵੇਗਾ ਅਤੇ ਸ਼ਹਿਰ ਵੀ ਸਾਫ ਰਹੇਗਾ। ਉਨ੍ਹਾਂ ਕਿਹਾ ਕਿ ਇਸ ਗਲੀ ਵਿੱਚ ਕੋਈ ਰੇਹੜੀ ਫੜੀ ਨਹੀਂ ਲੱਗਣ ਦਿੱਤੀ ਜਾਵੇਗੀ। ਜੀ -20 ਸੰਮੇਲਨ ਦਾ ਹਵਾਲਾ ਦਿੰਦੇ ਧਾਲੀਵਾਲ ਨੇ ਕਿਹਾ ਕਿ ਇਸ ਸੰਮੇਲਨ ਲਈ ਅਸੀਂ ਸਫਾਈ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਹਨ, ਪਰ ਇਨ੍ਹਾਂ ਦਾ ਸਹੀ ਲਾਭ ਤਾਂ ਹੀ ਮਿਲ ਸਕਦਾ ਹੈ ਜੇਕਰ ਸ਼ਹਿਰ ਵਾਸੀ ਸਫਾਈ ਦਾ ਖੁਦ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਟਰੈਫਿਕ ਦੇ ਪ੍ਬੰਧ ਵੀ ਸੁਚਾਰੂ ਢੰਗ ਨਾਲ ਕਰਨ ਲਈ ਅਸੀਂ ਯੋਜਨਾ ਬੰਦੀ ਉਲੀਕ ਰਹੇ ਹਾਂ ਅਤੇ ਜਿਉਂ ਹੀ ਪਾਰਕਿੰਗ ਸਥਾਨ ਬਣ ਗਏ, ਅਸੀਂ ਗ਼ਲਤ ਢੰਗ ਨਾਲ ਸੜਕ ਕਿਨਾਰੇ ਵਾਹਨ ਲੱਗਣ ਦੀ ਆਗਿਆ ਨਹੀਂ ਦਿਆਂਗੇ। ਇਹ ਵੀ ਪੜ੍ਹੋ:ਦੁੱਖਦਾਈ: ਅਮਰੀਕਾ 'ਚ ਟਰੱਕ ਪਲਟਣ ਨਾਲ ਪੰਜਾਬੀ ਨੌਜਵਾਨ ਦੀ ਮੌਤ

-PTC News

Related Post