ਜਲਪਾਈਗੁੜੀ : ਦੁਰਗਾ ਵਿਸਰਜਨ ਦੌਰਾਨ ਜਲਪਾਈਗੁੜੀ ਜ਼ਿਲ੍ਹੇ ਦੇ ਮਾਲਬਾਜ਼ਾਰ ਸਥਿਤ ਮਾਲ ਨਦੀ 'ਚ ਭਿਆਨਕ ਹਾਦਸਾ ਵਾਪਰ ਗਿਆ। ਇਥੋਂ ਦੀ ਮਲ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧਣ ਨਾਲ ਕਈ ਲੋਕ ਨਦੀ 'ਚ ਰੁੜ੍ਹ ਗਏ। ਇਸ ਹਾਦਸੇ 'ਚ ਹੁਣ ਤੱਕ ਅੱਠ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। 40-50 ਅਜੇ ਵੀ ਲਾਪਤਾ ਹਨ।
ਜਾਣਕਾਰੀ ਅਨੁਸਾਰ ਮਲ ਨਦੀ 'ਚ ਦੁਰਗਾ ਮੂਰਤੀ ਦੇ ਵਿਸਰਜਨ ਦੌਰਾਨ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਅਚਾਨਕ ਮਲ ਨਦੀ 'ਚ ਇਕਦਮ ਪਾਣੀ ਵਧਣਾ ਸ਼ੁਰੂ ਹੋ ਗਿਆ। ਪਾਣੀ ਦੇ ਤੇਜ਼ ਵਹਾਅ 'ਚ ਦੁਰਗਾ ਮੂਰਤੀ ਦਾ ਵਿਸਰਜਨ ਕਰਨ ਆਏ 40 ਤੋਂ 50 ਦੇ ਕਰੀਬ ਲੋਕ ਰੁੜ੍ਹ ਗਏ। ਜਦਕਿ ਕੁਝ ਨੂੰ ਆਸ-ਪਾਸ ਖੜ੍ਹੇ ਲੋਕਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਬਚਾ ਲਿਆ। ਫਿਲਹਾਲ ਪ੍ਰਸ਼ਾਸਨ ਦੀ ਚੌਕਸੀ ਨਾਲ ਜੇਸੀਬੀ ਦੀ ਸਹਾਇਤਾ ਨਾਲ ਜੰਗੀ ਪੱਧਰ ਉਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਪਰ ਪਹਾੜ ਤੋਂ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਲੋਕਾਂ ਨੂੰ ਬਾਹਰ ਕੱਢਣ 'ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲਪਾਈਗੁੜੀ ਦੀ ਡੀਐਮ ਮੌਮਿਤਾ ਗੋਦਾਰਾ ਬਾਸੂ ਖ਼ੁਦ ਸਾਰੀ ਸਥਿਤੀ 'ਤੇ ਨਿਗਰਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ : ਇਸ਼ਤਿਹਾਰਬਾਜ਼ੀ ’ਤੇ ਪੰਜਾਬ ਦੇ ਕਰੋੜਾਂ ਰੁਪਏ ਕਿਉਂ ਖਰਚੇ ਕੀਤੇ ਜਾ ਰਹੇ ਹਨ : ਸੁਖਬੀਰ ਸਿੰਘ ਬਾਦਲ
ਮਲ ਨਦੀ ਪਹਾੜੀ ਨਦੀ ਹੈ। ਦਰਿਆ ਦੇ ਪਾਣੀ ਦਾ ਪੱਧਰ ਵਧਣ ਸਬੰਧੀ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਸੀ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਲੋਕਾਂ ਨੂੰ ਇਕ ਤੋਂ ਦੋ ਮਿੰਟ 'ਚ ਵੀ ਸੰਭਾਲਣ ਦਾ ਮੌਕਾ ਨਹੀਂ ਮਿਲਿਆ। ਜਾਣਕਾਰੀ ਅਨੁਸਾਰ ਨਦੀ ਦੇ ਦੂਜੇ ਪਾਸੇ 13 ਲੋਕਾਂ ਨੂੰ ਬਚਾਇਆ ਗਿਆ ਹੈ। ਇਸ ਹਾਦਸੇ ਮਗਰੋਂ ਲੋਕਾਂ 'ਚ ਭਾਰੀ ਰੋਸ ਹੈ। ਲੋਕਾਂ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਨਾਕਾਫ਼ੀ ਦੱਸਿਆ। ਇਸ ਦੇ ਨਾਲ ਹੀ ਰਾਤ ਦੇ ਹਨੇਰੇ 'ਚ ਬਚਾਅ ਕਾਰਜ ਕਰਨ 'ਚ ਦਿੱਕਤ ਆ ਰਹੀ ਹੈ।
ਦੁਰਗਾ ਵਿਸਰਜਨ ਦੌਰਾਨ ਹੜ੍ਹ ਕਾਰਨ ਲੋਕਾਂ ਦੀ ਮੌਤ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
-PTC News