ਦਿੱਲੀ 'ਚ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਨਵੀਂ ਦਿੱਲੀ : ਗਰਮੀ ਰੁੱਤ ਦੀ ਆਮਦ ਆਉਣ ਦੇ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਹਨ। ਅਜਿਹੀ ਹੀ ਇਕ ਘਟਨਾ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਨਵੀਂ ਦਿੱਲੀ ਵਿੱਚ ਬਵਾਨਾ ਇਲਾਕੇ ਵਿੱਚ ਮੰਗਲਵਾਰ ਸਵੇਰੇ ਇਕ ਪਲਾਸਟਿਕ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਬਵਾਨਾ ਉਦਯੋਗਿਕ ਖੇਤਰ ਸੈਕਟਰ-5 ਵਿੱਚ ਵਾਪਰੀ ਇਸ ਘਟਨਾ ਨੇ ਇਲਾਕੇ ਵਿੱਚ ਭੱਜ-ਦੌੜ ਮਚ ਗਈ। ਅੱਗ ਭਿਆਨਕ ਹੋਣ ਕਾਰਨ ਪੂਰਾ ਇਲਾਕਾ ਧੂੰਆਂ-ਧੂੰਆਂ ਹੋ ਗਿਆ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਸਥਾਨਕ ਲੋਕਾਂ ਵੱਲੋਂ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸਫਲ ਰਹੇ। ਉਦੋਂ ਫਾਇਰ ਬ੍ਰਿਗੇਡ ਵਿਭਾਗ ਨੂੰ ਹਾਦਸੇ ਬਾਰੇ ਸੂਚਿਤ ਕੀਤਾ ਗਿਆ। ਮੌਕੇ ਉਤੇ ਫਾਇਰ ਬ੍ਰਿਗੇਡ ਦੀ ਟੀਮ ਪੁੱਜੀ। ਵਿਭਾਗ ਦੀਆਂ 25 ਗੱਡੀਆਂ ਅਤੇ 100 ਮੁਲਾਜ਼ਮ ਲੱਗੇ ਹੋਏ ਹਨ। ਘਟਨਾ ਨੂੰ ਲੈ ਕੇ ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਾਦਸੇ ਸਬੰਧੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ਉਤੇ ਪੁੱਜ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਦੱਸਿਆ ਿਕ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਮਾਮਲੇ ਵਿੱਚ ਪੁਲਿਸ ਵਿੱਚ ਵੀ ਸਰਗਰਮ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਮੁਤਾਬਕ ਹਾਦਸੇ ਸਮੇਂ ਫੈਕਟਰੀ ਵਿੱਚ 50 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ। ਨੇੜੇ ਇਕ ਚਾਹ ਦੀ ਦੁਕਾਨ ਵਾਲੇ ਨੇ ਜਦ ਅੱਗ ਦੀ ਲਪਟਾਂ ਦੇਖੀਆਂ ਤਾਂ ਉਸਨੇ ਉਥੇ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਸ਼ੁਰੂ ਕਰ ਦਿੱਤੀ। ਪ੍ਰਸ਼ਾਸਨ ਨੇ ਅਜੇ ਤਕ ਅੱਗ ਦੇ ਕਾਰਨ ਸਪੱਸ਼ਟ ਨਹੀਂ ਕੀਤੇ, ਜਾਂਚ ਤੋਂ ਬਾਅਦ ਇਸ ਤੋਂ ਪਰਦਾ ਉਠੇਗਾ। ਇਹ ਵੀ ਪੜ੍ਹੋ : ਭਾਰਤ 27 ਮਾਰਚ ਤੋਂ ਵਪਾਰਕ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਮੁੜ ਸ਼ੁਰੂ ਕਰੇਗਾ