ICC Rankings 'ਚ ਭਿਆਨਕ ਬਦਲਾਅ, ਬਾਬਰ ਆਜ਼ਮ ਦਾ ਤਾਜ ਖੋਹਣ ਲਈ ਤਿਆਰ ਸ਼ੁਭਮਨ ਗਿੱਲ
Cricket World Cup 2023: ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਤੋਂ ਸਿਰਫ਼ ਛੇ ਅੰਕ ਪਿੱਛੇ ਹਨ। 24 ਸਾਲਾ ਗਿੱਲ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਮੈਚ ਦੌਰਾਨ 2000 ਵਨਡੇ ਦੌੜਾਂ ਪੂਰੀਆਂ ਕਰਨ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਿਆ। ਸ਼ੁਭਮਨ ਦੇ ਰੇਟਿੰਗ ਅੰਕ ਵੱਧ ਕੇ 823 ਹੋ ਗਏ ਹਨ ਜਦਕਿ ਬਾਬਰ ਦੇ ਰੇਟਿੰਗ ਅੰਕ 829 ਹੋ ਗਏ ਹਨ। ਡੇਂਗੂ ਕਾਰਨ ਵਿਸ਼ਵ ਕੱਪ ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕੇ ਗਿੱਲ ਨੇ ਤਿੰਨ ਮੈਚਾਂ ਵਿੱਚ 95 ਦੌੜਾਂ ਬਣਾਈਆਂ ਹਨ, ਜਿਸ ਵਿੱਚ ਪੁਣੇ ਵਿੱਚ ਬੰਗਲਾਦੇਸ਼ ਖ਼ਿਲਾਫ਼ 53 ਦੌੜਾਂ ਵੀ ਸ਼ਾਮਲ ਹਨ।
ਵਿਸ਼ਵ ਕੱਪ 'ਚ ਹੁਣ ਤੱਕ ਸਭ ਤੋਂ ਵੱਧ 354 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਤਿੰਨ ਸਥਾਨਾਂ ਦੇ ਫਾਇਦੇ 'ਤੇ ਹਨ ਅਤੇ ਆਸਟ੍ਰੇਲੀਆ ਦੇ ਡੇਵਿਡ ਵਾਰਨਰ ਦੇ ਨਾਲ ਪੰਜਵੇਂ ਸਥਾਨ 'ਤੇ ਹਨ। ਉਥੇ ਹੀ ਪੰਜ ਮੈਚਾਂ 'ਚ ਤਿੰਨ ਸੈਂਕੜੇ ਲਗਾਉਣ ਵਾਲੇ ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਤੀਜੇ ਸਥਾਨ 'ਤੇ ਹਨ।
ਗੇਂਦਬਾਜ਼ਾਂ ਵਿੱਚ ਭਾਰਤ ਦਾ ਮੁਹੰਮਦ ਸਿਰਾਜ ਪੰਜ ਮੈਚਾਂ ਵਿੱਚ ਛੇ ਵਿਕਟਾਂ ਲੈ ਕੇ ਸਿਖਰ ’ਤੇ ਆਸਟਰੇਲੀਆ ਦੇ ਜੋਸ਼ ਹੇਜ਼ਲਵੁੱਡ ਦੇ ਨੇੜੇ ਆ ਗਿਆ ਹੈ। ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਪਿਨਰ ਕੇਸ਼ਵ ਮਹਾਰਾਜ ਤੀਜੇ ਸਥਾਨ 'ਤੇ ਹਨ। ਅਫਗਾਨਿਸਤਾਨ ਦਾ ਮੁਹੰਮਦ ਨਬੀ ਚਾਰ ਸਥਾਨਾਂ ਦੇ ਫਾਇਦੇ ਨਾਲ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ ਅਤੇ ਆਸਟ੍ਰੇਲੀਆ ਦਾ ਐਡਮ ਜ਼ਾਂਪਾ ਚਾਰ ਸਥਾਨ ਦੇ ਫਾਇਦੇ ਨਾਲ ਸੱਤਵੇਂ ਸਥਾਨ 'ਤੇ ਪਹੁੰਚ ਗਿਆ ਹੈ।
- PTC NEWS