ਚੰਡੀਗੜ੍ਹ : ਭਾਜਪਾ ਆਗੂ ਤੇਜਿੰਦਰਪਾਲ ਬੱਗਾ ਮਾਮਲੇ ਵਿੱਚ ਅੱਜ ਹਾਈ ਕੋਰਟ 'ਚ ਸੁਣਵਾਈ ਹੋਵੇਗੀ। ਹੁਣ ਇਸ ਮਾਮਲੇ ਦੀ ਸੁਣਵਾਈ ਅਨੂਪ ਚਿਤਕਾਰਾ ਦੀ ਅਦਾਲਤ ਵਿੱਚ ਹੋਵੇਗੀ ਤੇ ਦੁਪਹਿਰ 12 ਵਜੇ ਪਿਛੋਂ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਤੇਜਿੰਦਰ ਬੱਗਾ ਨੂੰ ਗ੍ਰਿਫਤਾਰ ਕਰ ਕੇ ਲਿਆ ਰਹੀ ਪੰਜਾਬ ਪੁਲਿਸ ਨੂੰ ਹਰਿਆਣਾ ਪੁਲਿਸ ਨੇ ਰੋਕ ਲਿਆ ਸੀ ਅਤੇ ਬਾਅਦ ਵਿੱਚ ਬੱਗਾ ਨੂੰ ਦਿੱਲੀ ਪੁਲਿਸ ਵਾਪਸ ਦਿੱਲੀ ਲੈ ਗਈ ਸੀ। ਇਸ ਪਿਛੋਂ ਦਿੱਲੀ ਅਦਾਲਤ ਨੇ ਬੱਗਾ ਨੂੰ ਦੇਰ ਰਾਤ ਰਾਹਤ ਦੇ ਦਿੱਤੀ ਸੀ। ਜ਼ਿਕਰਯੋਗ ਹੈ ਕਿ 8 ਮਈ ਨੂੰ ਮੋਹਾਲੀ ਅਦਾਲਤ ਵੱਲੋਂ ਤਜਿੰਦਰ ਬੱਗਾ ਖਿਲਾਫ਼ ਵਾਰੰਟ ਜਾਰੀ ਕੀਤੇ ਗਏ ਸਨ ਜਿਸ 'ਤੇ ਹਾਈ ਕੋਰਟ ਵਲੋਂ ਰੋਕ ਲਗਾ ਦਿੱਤੀ ਗਈ ਸੀ। ਜੁਡੀਸ਼ੀਅਲ ਮੈਜਿਸਟਰੇਟ ਰਵੀਤੇਸ਼ ਇੰਦਰਜੀਤ ਸਿੰਘ ਦੀ ਅਦਾਲਤ ਨੇ ਸਾਈਬਰ ਕ੍ਰਾਈਮ ਸਟੇਸ਼ਨ ਦੇ ਇੰਚਾਰਜ ਨੂੰ ਬੱਗਾ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਪੇਸ਼ੀ ਉਤੇ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਸੀ ਤੇ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 23 ਮਈ 2022 ਦੀ ਤਰੀਕ ਤੈਅ ਕੀਤੀ ਸੀ। ਮੁਹਾਲੀ ਅਦਾਲਤ ਵੱਲੋਂ ਜਾਰੀ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਜੱਜ ਵੱਲੋਂ ਦਿੱਲੀ ਤੇ ਹਰਿਆਣਾ ਪੁਲਿਸ ਦੀ ਕਾਰਵਾਈ ਨੂੰ ਗ਼ੈਰ ਕਾਨੂੰਨੀ ਦੱਸਿਆ ਗਿਆ ਸੀ। ਅਦਾਲਤ ਦਾ ਕਹਿਣਾ ਸੀ ਕਿ ਤੇਜਿੰਦਰ ਬੱਗਾ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਛੱਡਿਆ ਗਿਆ ਹੈ। ਇਸ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਤੇਜਿੰਦਰ ਬੱਗਾ ਨੂੰ ਰਾਹਤ ਦਿੱਤੀ ਗਈ ਸੀ। ਦੇਰ ਰਾਤ ਤੇਜਿੰਦਰ ਬੱਗਾ ਵੱਲੋਂ ਹਾਈ ਕੋਰਟ 'ਚ ਤਤਕਾਲ ਪ੍ਰਭਾਵ ਨਾਲ ਲਗਾਈ ਗਈ ਪਟੀਸ਼ਨ 'ਤੇ ਸੁਣਵਾਈ ਹੋਈ ਜਿਸ 'ਚ ਹਾਈ ਕੋਰਟ ਵੱਲੋਂ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ 'ਤੇ 10 ਤਰੀਕ ਤੱਕ ਰੋਕ ਲਗਾ ਦਿੱਤੀ ਸੀ। ਸੋਮਵਾਰ ਨੂੰ ਤੇਜਿੰਦਰ ਬੱਗਾ ਆਪਣੇ ਬਿਆਨ ਦਰਜ ਨਹੀਂ ਕਰਵਾ ਸਕੇ ਸਨ। ਜ਼ਿਕਰਯੋਗ ਹੈ ਕਿ ਤਜਿੰਦਰ ਬੱਗਾ ਵੱਲੋਂ ਤਤਕਾਲ ਪ੍ਰਭਾਵ ਨਾਲ ਪਾਈ ਪਟੀਸ਼ਨ ਦੀ ਸੁਣਵਾਈ ਦੇਰ ਰਾਤ ਹਾਈ ਕੋਰਟ ਦੇ ਜੱਜ ਦੇ ਘਰ ਹੋਈ। ਜਾਣਕਾਰੀ ਮੁਤਾਬਿਕ ਪੰਜਾਬ ਦੇ ਐਡਵੋਕੇਟ ਜਨਰਲ ਨੇ ਸੂਬਾ ਸਰਕਾਰ ਵੱਲੋਂ ਕਿਹਾ ਹੈ ਕਿ ਉਹ 10 ਮਈ ਯਾਨੀ ਅੱਜ ਤੱਕ ਗੈਰ ਜ਼ਮਾਨਤੀ ਵਾਰੰਟ ਉਤੇ ਅਮਲ ਨਹੀਂ ਕਰਨਗੇ। ਹੁਣ 10 ਮਈ ਨੂੰ ਇਸ ਨਾਲ ਜੁੜੇ ਸਾਰੇ ਮਾਮਲਿਆਂ ਦੀ ਸੁਣਵਾਈ ਹਾਈ ਕੋਰਟ ਵਿੱਚ ਹੋਵੇਗੀ। ਸ਼ਨਿੱਚਰਵਾਰ ਨੂੰ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ 2 ਅਰਜ਼ੀਆਂ ਦਾਇਰ ਕਰਕੇ ਕੇਂਦਰ ਅਤੇ ਕੇਂਦਰ ਸਰਕਾਰ ਨੂੰ ਮਾਮਲੇ ਵਿੱਚ ਧਿਰ ਬਣਾਉਣ ਦੀ ਮੰਗ ਕੀਤੀ ਸੀ। ਦੂਜਾ ਇਸ ਕੇਸ ਨਾਲ ਸਬੰਧਤ ਕੁਰੂਕਸ਼ੇਤਰ ਤੇ ਦਿੱਲੀ ਦੇ ਥਾਣਿਆਂ ਦੇ ਵਿਜ਼ੂਅਲ ਨੂੰ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਗਈ ਸੀ। ਉਥੇ ਹੀ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ 'ਚ ਆਪਣੀ ਅਰਜ਼ੀ ਦਾਇਰ ਕੀਤੀ ਸੀ। ਦਿੱਲੀ ਅਤੇ ਹਰਿਆਣਾ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਜ਼ਿਕਰ ਸੀ, ਜਿਸ ਵਿੱਚ ਤਜਿੰਦਰ ਬੱਗਾ ਦਾ ਕੋਈ ਜ਼ਿਕਰ ਨਹੀਂ ਸੀ। ਇਹ ਵੀ ਪੜ੍ਹੋ : ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਅਗਲੇ ਤਿੰਨ ਦਿਨ ਜਾਰੀ ਰਹੇਗਾ ਗਰਮੀ ਦਾ ਕਹਿਰ, IMD ਵੱਲੋਂ ਅਲਰਟ ਜਾਰੀ