ਬਰਨਾਲਾ : ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਤੇ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਅੱਗੇ ਡੈਪੂਟੇਸ਼ਨ 'ਤੇ ਚੱਲ ਰਹੇ ਈਟੀਟੀ ਅਧਿਆਪਕਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਮੰਗਾਂ ਤੁਰੰਤ ਪੂਰੀਆਂ ਕਰਨ ਲਈ ਕਿਹਾ। ਧਰਨਾ ਲਗਾਉਣ ਤੋਂ ਪਹਿਲਾਂ ਈ.ਟੀ.ਟੀ ਅਧਿਆਪਕ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਮੁਲਾਕਾਤ ਕੀਤੀ ਤੇ ਆਪਣੀਆਂ ਮੁਸ਼ਕਲਾਂ ਦੱਸੀਆਂ। ਇਸ ਦੌਰਾਨ ਹੀ ਮੀਤ ਹੇਅਰ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਸਿੱਖਿਆ ਵਿਭਾਗ ਵਿੱਚ ਆਉਣ ਵਾਲੇ ਦਿਨਾਂ ਵਿੱਚ ਨਵੀਂਆਂ ਨੀਤੀਆਂ ਬਣਾਈਆਂ ਜਾਣਗੀਆਂ, ਜਿਸ ਲਈ ਸਰਕਾਰ ਨੂੰ ਕੁਝ ਸਮਾਂ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਈਟੀਟੀ ਅਧਿਆਪਕਾਂ ਨੂੰ ਡੈਪੂਟੇਸ਼ਨਾਂ ਸਬੰਧੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਵਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਡੈਪੂਟੇਸ਼ਨ 'ਤੇ ਆਪਣੇ ਸਟੇਸ਼ਨਾਂ ਨੂੰ ਛੱਡ ਕੇ 200 ਤੋਂ 300 ਕਿਲੋਮੀਟਰ ਦੂਰ ਡਿਊਟੀ ਕਰ ਰਹੇ ਹਨ ਜੋ ਸਰਾਸਰ ਵਿਭਾਗ ਦੀ ਪਾਲਿਸੀ ਦੇ ਖ਼ਿਲਾਫ਼ ਹੈ। ਉਨ੍ਹਾਂ ਦੱਸਿਆ ਕਿ 31 ਮਾਰਚ 2022 ਤੱਕ ਸਾਰੇ ਅਧਿਆਪਕਾਂ ਜਿਨ੍ਹਾਂ ਦੀ ਡੈਪੂਟੇਸ਼ਨ 'ਤੇ ਬਦਲੀ ਹੋਈ ਸੀ, ਉਸ ਨੂੰ 1 ਅਪ੍ਰੈਲ ਤੇ 2022 ਡੈਪੂਟੇਸ਼ਨ ਖ਼ਤਮ ਕਰਨ ਦੇ ਹੁਕਮ ਜਾਰੀ ਹੋਏ ਸਨ ਪਰ ਅਜੇ ਤੱਕ ਇਹ ਡੈਪੂਟੇਸ਼ਨ ਖ਼ਤਮ ਕਰ ਕੇ ਉਨ੍ਹਾਂ ਨੂੰ ਫਰੀ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਘਰ ਤੋਂ ਸਕੂਲ ਦੀ ਜ਼ਿਆਦਾ ਦੂਰੀ ਕਾਰਨ ਰੋਜ਼ਾਨਾ ਲੇਟ ਹੋ ਜਾਂਦੇ ਹਨ ਤੇ ਸਕੂਲ ਲੇਟ ਪੁੱਜਣ 'ਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਹੀ ਜ਼ਲੀਲ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਅਧਿਆਪਕਾਂ ਦੀਆਂ ਸਮੱਸਿਆਵਾਂ ਨਹੀਂ ਸਮਝਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਹੀ ਕੰਮ ਕਰ ਰਹੀ ਹੈ ਅਤੇ ਅਧਿਆਪਕਾਂ ਸਮੇਤ ਹੋਰ ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਜੇ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਹ ਵੀ ਪੜ੍ਹੋ : ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਖਾਰਜ, ਸੰਸਦ ਭੰਗ