ਭਾਰਤ ਵਿਰੋਧੀਆਂ ਨਾਲ ਨਜਿੱਠਣ ਲਈ ਬਣਾਈ ਟਾਸਕ ਫੋਰਸ : ਪ੍ਰਧਾਨ ਮੰਤਰੀ ਬੋਰਿਸ ਜਾਨਸਨ
ਨਵੀਂ ਦਿੱਲੀ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੋ ਦਿਨਾਂ ਭਾਰਤ ਦੌਰੇ 'ਤੇ ਹਨ। ਜਾਨਸਨ ਦੌਰੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨ ਤੋਂ ਬਾਅਦ ਜਾਨਸਨ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਭਗੌੜੇ ਕਾਰੋਬਾਰੀ ਨੀਰਵ ਮੋਦੀ, ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ 'ਤੇ ਜਾਨਸਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਹਵਾਲਗੀ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਮਾਮਲਾ ਕਾਨੂੰਨੀ ਉਲਝਣਾਂ 'ਚ ਉਲਝਿਆ ਹੋਇਆ ਹੈ। ਅਸੀਂ ਭਾਰਤ ਵਿੱਚ ਐਲਾਨੇ ਗਏ ਅਪਰਾਧੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਾਡੇ ਦੇਸ਼ ਦੇ ਕਾਨੂੰਨ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਕੱਟੜਪੰਥੀਆਂ ਜਾਂ ਅੱਤਵਾਦੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਭਾਰਤ ਦੀ ਮਦਦ ਲਈ ਅਸੀਂ ਅੱਤਵਾਦੀ ਵਿਰੋਧੀ ਫੋਰਸ ਬਣਾਈ ਹੈ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਪਹਿਲਾਂ ਜਾਨਸਨ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਤੋਂ ਲੈ ਕੇ ਊਰਜਾ ਸੁਰੱਖਿਆ ਅਤੇ ਰੱਖਿਆ ਤੱਕ ਦੇ ਮੁੱਦਿਆਂ 'ਤੇ ਭਾਰਤ ਅਤੇ ਬਰਤਾਨੀਆ ਵਿਚਕਾਰ ਸਾਂਝੇਦਾਰੀ ਮਹੱਤਵਪੂਰਨ ਹੈ ਕਿਉਂਕਿ ਦੋਵੇਂ ਦੇਸ਼ ਭਵਿੱਖ ਵੱਲ ਦੇਖਦੇ ਹਨ। ਬ੍ਰਿਟਿਸ਼ ਹਾਈ ਕਮਿਸ਼ਨ ਨੇ ਕਿਹਾ ਕਿ ਜੌਹਨਸਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਜ਼ਮੀਨੀ, ਸਮੁੰਦਰੀ, ਹਵਾ, ਪੁਲਾੜ ਅਤੇ ਸਾਈਬਰ- ਸੁਰੱਖਿਆ ਭਾਈਵਾਲੀ ਬਾਰੇ ਚਰਚਾ ਕਰਨ ਦੀ ਉਮੀਦ ਹੈ ਕਿਉਂਕਿ ਦੋਵੇਂ ਦੇਸ਼ ਨਵੇਂ ਗੁੰਝਲਦਾਰ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ। ਦੋਵੇਂ ਦੇਸ਼ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਸੰਪਰਕ ਵਿਚ ਹਨ। ਭਾਰਤ ਵਿੱਚ ਸਾਰਿਆਂ ਲਈ ਸੰਵਿਧਾਨਕ ਸੁਰੱਖਿਆ ਦੀ ਵਿਵਸਥਾ ਹੈ ਅਤੇ ਅਸੀਂ ਇਸਨੂੰ ਮਹਿਸੂਸ ਵੀ ਕਰਦੇ ਹਾਂ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ 'ਚ ਜਾਨਸਨ ਦਾ ਸਵਾਗਤ ਕੀਤਾ। ਜਾਨਸਨ ਨੇ ਕਿਹਾ ਕਿ ਇਸ ਸ਼ਾਨਦਾਰ ਸਵਾਗਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦੀ ਹਾਂ। ਸ਼ੁੱਕਰਵਾਰ ਨੂੰ ਜਾਨਸਨ ਤੇ ਮੋਦੀ ਨੇ ਭਾਰਤ ਅਤੇ ਬ੍ਰਿਟੇਨ ਦੇ ਰਿਸ਼ਤਿਆਂ ਦੀ ਸਮੀਖਿਆ ਕੀਤੀ। ਇਸ ਦੌਰਾਨ ਦੋਹਾਂ ਵਿਚਾਲੇ ਰਣਨੀਤਕ ਰੱਖਿਆ, ਕੂਟਨੀਤੀ ਅਤੇ ਆਰਥਿਕ ਭਾਈਵਾਲੀ 'ਤੇ ਚਰਚਾ ਹੋਈ। ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ਵਿੱਚ ਚੀਨ ਦੀ ਚੁਣੌਤੀ ਦੇ ਮੱਦੇਨਜ਼ਰ ਸੁਰੱਖਿਆ ਸਹਿਯੋਗ ਵੀ ਗੱਲਬਾਤ ਦਾ ਅਹਿਮ ਹਿੱਸਾ ਸੀ। ਇਹ ਵੀ ਪੜ੍ਹੋ : ਪਾਕਿਸਤਾਨ ਤੋਂ 48 ਸ਼ਰਧਾਲੂਆਂ ਦਾ ਜੱਥਾ ਗੁਰਧਾਮਾਂ ਦੀ ਯਾਤਰਾ ਲਈ ਭਾਰਤ ਪੁੱਜਾ