Surgical Strike: ਅੱਜ ਦੇ ਦਿਨ ਹੀ ਲਿਆ ਗਿਆ ਸੀ ਉੜੀ ਹਮਲੇ ਦਾ ਬਦਲਾ

By  Jasmeet Singh September 29th 2022 12:58 PM

Surgical Strike: ਭਾਰਤੀ ਫੌਜ ਨੇ 6 ਸਾਲ ਪਹਿਲਾਂ ਅੱਜ ਦੇ ਦਿਨ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਦਾਖਲ ਹੋ ਕੇ 50 ਅੱਤਵਾਦੀਆਂ ਨੂੰ ਹਲਾਕ ਕਰ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਇਹ ਸਰਜੀਕਲ ਸਟ੍ਰਾਈਕ ਜੰਮੂ-ਕਸ਼ਮੀਰ ਦੇ ਉੜੀ 'ਚ ਫੌਜ ਦੇ ਕੈਂਪ 'ਤੇ ਹੋਏ ਹਮਲੇ ਤੇ ਸ਼ਹੀਦ ਹੋਏ 19 ਜਵਾਨਾਂ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਇਹ ਅਜਿਹਾ ਬਦਲਾ ਸੀ ਕਿ ਅੱਜ ਤੱਕ ਦੁਸ਼ਮਣਾਂ ਦੇ ਦੰਦ ਖੱਟੇ ਹਨ। ਦਰਅਸਲ 18 ਸਤੰਬਰ 2016 ਨੂੰ ਉੜੀ 'ਚ ਅੱਤਵਾਦੀਆਂ ਨੇ ਇੱਕ ਹਮਲੇ 'ਚ 19 ਭਾਰਤੀ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰਗਨਾਹ ਪਾਕਿਸਤਾਨ ਖ਼ਿਲਾਫ਼ ਭਾਰੀ ਗੁੱਸਾ ਉੱਭਰ ਪਿਆ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤ ਸਰਕਾਰ ਵੀ ਬਦਲੇ ਦੀ ਅੱਗ ਵਿੱਚ ਸੜ ਰਹੀ ਸੀ। ਆਖਰਕਾਰ ਫੌਜ ਨੇ ਸਰਜੀਕਲ ਸਟ੍ਰਾਈਕ ਦੀ ਯੋਜਨਾ ਬਣਾਈ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਦਾਖਲ ਹੋ ਕੇ ਘਰ ਵਿੱਚ ਹੀ ਅੱਤਵਾਦੀਆਂ ਨੂੰ ਖ਼ਤਮ ਕਰ ਦਿੱਤਾ। ਭਾਰਤੀ ਫੌਜ ਨੇ ਇਨ੍ਹਾਂ ਅੱਤਵਾਦੀਆਂ ਨੂੰ ਅਜਿਹਾ ਸਬਕ ਸਿਖਾਇਆ ਕਿ ਉਨ੍ਹਾਂ ਦੇ ਅੱਡੇ ਸ਼ਮਸ਼ਾਨ 'ਚ ਤਬਦੀਲ ਹੋ ਗਏ। ਉੜੀ 'ਚ ਫੌਜ ਦੇ ਖੇਤਰੀ ਹੈੱਡਕੁਆਰਟਰ 'ਤੇ ਚਾਰ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਹਮਲੇ 'ਚ 19 ਜਵਾਨ ਸ਼ਹੀਦ ਹੋ ਗਏ ਅਤੇ 30 ਜਵਾਨ ਜ਼ਖਮੀ ਹੋ ਗਏ। ਜਵਾਬੀ ਕਾਰਵਾਈ 'ਚ ਚਾਰੇ ਅੱਤਵਾਦੀ ਮਾਰ ਦਿੱਤੇ ਗਏ। ਸਿਰਫ 10 ਦਿਨਾਂ ਵਿੱਚ ਭਾਰਤ ਨੇ POK ਵਿੱਚ ਦਾਖਲ ਹੋ ਕੇ ਸਰਜੀਕਲ ਸਟ੍ਰਾਈਕ ਕੀਤੀ ਅਤੇ ਉੱਥੇ ਚੱਲ ਰਹੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਉੜੀ ਹਮਲੇ ਤੋਂ ਬਾਅਦ 28-29 ਸਤੰਬਰ 2016 ਦੀ ਰਾਤ ਨੂੰ 125 ਕਮਾਂਡੋਜ਼ ਨੇ ਸਰਜੀਕਲ ਸਟ੍ਰਾਈਕ ਕੀਤੀ ਅਤੇ ਭਾਰਤ ਦੀ ਇਸ ਕਾਰਵਾਈ ਨੇ ਦੁਨੀਆ ਨੂੰ ਦਿਖਾ ਦਿੱਤਾ ਕਿ ਉਹ ਘਰ 'ਚ ਦਾਖਲ ਹੋ ਕੇ ਆਪਣੇ ਦੁਸ਼ਮਣਾਂ ਨੂੰ ਮਾਰਨ ਦੀ ਹਿੰਮਤ ਰੱਖਦਾ ਹੈ। ਸਰਜੀਕਲ ਸਟ੍ਰਾਈਕ ਦੀ ਕਾਰਵਾਈ ਇੰਨੀ ਗੁਪਤ ਸੀ ਕਿ ਇਸ ਬਾਰੇ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਸੈਨਾ ਮੁਖੀ ਸਣੇ ਸਿਰਫ਼ 4 ਲੋਕਾਂ ਨੂੰ ਹੀ ਪਤਾ ਸੀ। ਕਮਾਂਡੋਜ਼ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਰਜੀਕਲ ਆਪਰੇਸ਼ਨ ਲਈ ਸਿਰਫ਼ ਦੋ ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਅਸਮਾਨ ਵਿੱਚ ਕਰੀਬ 35 ਹਜ਼ਾਰ ਫੁੱਟ ਦੀ ਉਚਾਈ ਤੋਂ ਇਸ ਆਪਰੇਸ਼ਨ ਦੀ ਨਿਗਰਾਨੀ ਕਰਦੇ ਰਹੇ। 125 ਕਮਾਂਡੋ ਡੋਗਰਾ ਅਤੇ ਬਿਹਾਰ ਰੈਜੀਮੈਂਟ ਨਾਲ ਸਬੰਧਤ ਸਨ। ਦੋਵੇਂ ਰੈਜੀਮੈਂਟਾਂ ਤੋਂ ਤਿਆਰ ਸਪੈਸ਼ਲ ਜੁਆਇੰਟ ਪੈਰਾ ਕਮਾਂਡੋਜ਼ ਨੇ ਤੜਕੇ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਕਮਾਂਡੋ ਪੈਦਲ ਹੀ POK ਵਿੱਚ ਦਾਖਲ ਹੋਏ ਸਨ। -PTC News

Related Post