ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਹਾਈਕਮਾਂਡ 'ਤੇ ਭੜਾਸ ਕੱਢੀ ਹੈ। ਉਨ੍ਹਾਂ ਨੇ ਕਾਂਗਰਸ ਦੇ ਨਾਰਾਜ਼ ਗਰੁੱਪ ਜੀ-23 ਨੂੰ ਮਨਾਉਣ ਦੀ ਸੋਨੀਆ ਗਾਂਧੀ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਹੈ। ਉਸ ਨੇ ਸ਼ਾਇਰਾਨਾ ਅੰਦਾਜ਼ ਵਿਚ ਲਿਖਿਆ- ਝੁਕਣ ਅਤੇ ਸਲਾਮ ਕਰਨ ਵਿਚ ਕੀ ਹਰਜ਼ ਹੈ, ਪਰ ਇੰਨਾ ਸਿਰ ਨਾ ਝੁਕਾਓ ਕਿ ਦਸਤਾਰ ਡਿੱਗ ਜਾਵੇ।
ਜਾਖੜ ਨੇ ਜੀ-23 ਦੇ ਨੇਤਾਵਾਂ ਨਾਲ ਮੀਟਿੰਗ ਦੀ ਸੁਰਖੀ ਨੂੰ ਟਵੀਟ ਕਰਦੇ ਹੋਏ ਲਿਖਿਆ ਕਿ ਅਸੰਤੁਸ਼ਟਾਂ 'ਤੇ ਜ਼ਿਆਦਾ ਧਿਆਨ ਦੇਣ ਨਾਲ ਨਾ ਸਿਰਫ ਸਥਿਤੀ ਕਮਜ਼ੋਰ ਹੁੰਦੀ ਹੈ ਸਗੋਂ ਬਗਾਵਤ ਨੂੰ ਵੀ ਹੱਲਾਸ਼ੇਰੀ ਮਿਲਦੀ ਹੈ। ਇਸ ਨਾਲ ਕੇਡਰ ਵੀ ਨਿਰਾਸ਼ ਹੋਣਗੇ ਅਤੇ ਉਨ੍ਹਾਂ ਵਿਚ ਅਸਹਿਮਤੀ ਵਧੇਗੀ।
ਪੰਜਾਬ ਸਮੇਤ 5 ਰਾਜਾਂ ਵਿੱਚ ਕਾਂਗਰਸ ਚੋਣ ਹਾਰ ਗਈ ਹੈ। ਇਸ ਤੋਂ ਬਾਅਦ ਕਾਂਗਰਸ ਦੇ ਅਸੰਤੁਸ਼ਟ ਨੇਤਾਵਾਂ ਦੇ ਸਮੂਹ ਜੀ-23 ਨੇ ਮਿਲ ਕੇ ਗਾਂਧੀ ਪਰਿਵਾਰ ਦੀ ਲੀਡਰਸ਼ਿਪ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਬਾਅਦ ਸੋਨੀਆ ਗਾਂਧੀ ਨੇ ਇਨ੍ਹਾਂ ਨੇਤਾਵਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ। ਜਿਸ ਵਿੱਚ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਸ਼ਾਮਲ ਹਨ। ਸੁਨੀਲ ਜਾਖੜ ਨੂੰ ਸੋਨੀਆ ਗਾਂਧੀ ਦੀ ਇਹ ਪਹਿਲ ਪਸੰਦ ਨਹੀਂ ਆਈ।
ਹੁਣ ਤੱਕ ਸੁਨੀਲ ਜਾਖੜ ਪੰਜਾਬ ਕਾਂਗਰਸ ਵਿੱਚ ਹਲਚਲ ਮਚਾ ਰਹੇ ਹਨ। ਉਨ੍ਹਾਂ ਚੋਣਾਂ ਦੌਰਾਨ ਵਾਰ-ਵਾਰ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਇਸ ਲਈ ਨਹੀਂ ਬਣਾਇਆ ਕਿਉਂਕਿ ਉਹ ਹਿੰਦੂ ਸਨ। ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤੱਕ ਕਿ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲਿਆ। ਇਸ ਤੋਂ ਬਾਅਦ ਵੀ ਹੁਣ ਉਹ ਕਦੇ ਚਰਨਜੀਤ ਚੰਨੀ ਤੇ ਕਦੇ ਨਵਜੋਤ ਸਿੱਧੂ 'ਤੇ ਨਿਸ਼ਾਨਾ ਸਾਧ ਰਹੇ ਹਨ।
ਇਹ ਵੀ ਪੜ੍ਹੋ:ਸੰਯੁਕਤ ਕਿਸਾਨ ਮੋਰਚਾ ਨੇ ਸੁਪਰੀਮ ਕੋਰਟ ਵੱਲੋਂ ਗਠਿਤ ਪੈਨਲ ਦੀ ਰਿਪੋਰਟ ਨੂੰ 'ਜਾਅਲੀ' ਕਰਾਰਿਆ
-PTC News