ਟਾਵਰ ’ਤੇ ਚੜ੍ਹੇ ਅਧਿਆਪਕ ਨਾਲ ਸੁਖਬੀਰ ਸਿੰਘ ਬਾਦਲ ਨੇ ਕੀਤੀ ਫੋਨ ’ਤੇ ਗੱਲਬਾਤ

By  Riya Bawa November 27th 2021 01:20 PM -- Updated: November 27th 2021 01:53 PM

ਚੰਡੀਗੜ੍ਹ: ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰ ਅਧਿਆਪਕ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਚੰਡੀਗੜ੍ਹ ਦੇ ਸੈਕਟਰ 4 ਵਿੱਚ ਇੱਕ ਈਟੀਟੀ ਅਧਿਆਪਕ ਪੈਟਰੋਲ ਦੀ ਬੋਤਲ ਲੈ ਕੇ ਟੀਵੀ ਟਾਵਰ ਉੱਤੇ ਚੜ੍ਹ ਗਿਆ। ਅਧਿਆਪਕ ਦਾ ਨਾਂ ਸੋਹਣ ਸਿੰਘ ਦੱਸਿਆ ਜਾ ਰਿਹਾ ਹੈ। ਇਹ ਟਾਵਰ ਐਮ.ਐਲ.ਏ ਹੋਸਟਲ ਦੇ ਨਜ਼ਦੀਕ ਹੈ, ਜਿਸ ਕਾਰਨ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਇਸ ਵਿਚਾਲੇ ਟਾਵਰ 'ਤੇ ਚੜ੍ਹੇ ਅਧਿਆਪਕ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਫੋਨ ਤੇ ਗੱਲਬਾਤ ਕੀਤੀ ਅਤੇ ਉਸ ਅਧਿਆਪਕ ਨੂੰ ਟਾਵਰ ਤੋਂ ਹੇਠਾਂ ਆਉਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਇਸ ਦੌਰਾਨ ਟਾਵਰ 'ਤੇ ਚੜੇ ਕੱਚੇ ਅਧਿਆਪਕਾਂ ਵਲੋਂ ਮੰਗ ਅਤੇ ਸ਼ਿਕਾਇਤ ਪੱਤਰ ਸੁੱਟਿਆ ਗਿਆ। ਉਸ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਹੋਵੇਗਾ। ਇਸ ਦੌਰਾਨ ਅਧਿਆਪਕ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ 'ਤੇ ਪੈਟਰੋਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਵੇਗਾ। ਉਹ ਖੁਦ 'ਤੇ ਪੈਟਰੋਲ ਛਿੜਕ ਰਿਹਾ ਹੈ। ਇਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ। ਅਧਿਆਪਕ ਨੂੰ ਸਮਝਾ ਕੇ ਹੇਠਾਂ ਉਤਾਰਨ ਦੇ ਯਤਨ ਕੀਤੇ ਜਾ ਰਹੇ ਹਨ।     ਮੌਕੇ 'ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਮੌਕੇ ’ਤੇ ਅਧਿਆਪਕ ਮਿੱਤਰ ਵੀ ਪੁੱਜਣੇ ਸ਼ੁਰੂ ਹੋ ਗਏ ਹਨ। ਇਹ ਅਧਿਆਪਕ ਲਗਾਤਾਰ ਪੰਜਾਬ ਸਰਕਾਰ ਤੋਂ ਉਨ੍ਹਾਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਨੇ ਹੁਣ ਇਹ ਤਰੀਕਾ ਅਪਣਾਇਆ ਹੈ। -PTC News

Related Post