ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਲਈ ਡੀਸੀ ਕਪੂਰਥਲਾ ਵੱਲੋਂ ਮਿੱਲ ਵਿਰੁੱਧ ਸਖਤ ਕਾਰਵਾਈ

By  Jasmeet Singh August 8th 2022 07:56 PM -- Updated: August 8th 2022 07:57 PM

ਕਪੂਰਥਲਾ/ਫਗਵਾੜਾ, 8 ਅਗਸਤ: ਫਗਵਾੜਾ ਵਿਖੇ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਨਾ ਕਰਨ ’ਤੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵੱਲੋਂ ਸਖਤ ਕਦਮ ਚੁੱਕਦਿਆਂ ਮਿੱਲ ਦੇ ਨਾਮ ’ਤੇ ਪੰਜਾਬ ਭਰ ਵਿਚ ਹਰ ਜਾਇਦਾਦ ਨੂੰ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਸੂਬੇ ਦੇ 22 ਜਿਲਿਆਂ ਦੇ ਡਿਪਟੀ ਕਮਿਸ਼ਨਰਜ਼ ਕਮ ਜ਼ਿਲ੍ਹਾ ਕੁਲੈਕਟਰਾਂ ਨੂੰ ਮਿਤੀ 8 ਅਗਸਤ 2022 ਨੂੰ ਪੱਤਰ ਲਿਖਕੇ ਕਿਹਾ ਹੈ ਕਿ ਉਹ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਫਗਵਾੜਾ ਜਾਂ ਵਾਹਦ ਸੰਧਰ ਸ਼ੂਗਰ ਮਿੱਲ ਫਗਵਾੜਾ (ਕਪੂਰਥਲਾ) ਦੇ ਨਾਮ ’ਤੇ ਮਾਲ ਰਿਕਾਰਡ ਵਿਚ ਕਿਸੇ ਪ੍ਰਕਾਰ ਦੀ ਕੋਈ ਮਾਲਕੀ ਜ਼ਮੀਨ, ਜਾਇਦਾਦ ਪਾਈ ਜਾਂਦੀ ਹੈ ਤਾਂ ਉਸਨੂੰ ਨਿਯਮਾਂ ਅਨੁਸਾਰ ਅਟੈਚ ਕਰਨ ਉਪਰੰਤ ਸੂਚਨਾ ਦਿੱਤੀ ਜਾਵੇ ਤਾਂ ਜੋ ਰਿਕਵਰੀ ਸਬੰਧੀ ਅਗਲੀ ਕਾਰਵਾਈ ਕਰਕੇ ਕਿਸਾਨਾਂ ਨੂੰ ਬਣਦੀ ਅਦਾਇਗੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਤੌਰ ’ਤੇ ਵਧੀਕ ਮੁੱਖ ਸਕੱਤਰ ਖੇਤੀਬਾੜੀ, ਪੰਜਾਬ, ਕਮਿਸ਼ਨਰ ਜਲੰਧਰ ਮੰਡਲ ਤੇ ਕੇਨ ਕਮਿਸ਼ਨਰ, ਮੋਹਾਲੀ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਸਮੂਹ ਡਿਪਟੀ ਕਮਿਸ਼ਨਰ ਨੂੰ ਲਿੱਖਿਆ ਹੈ ਕਿ ਮਿੱਲ ਵੱਲੋਂ ਗੰਨਾ ਉਤਪਾਦਕਾਂ ਨੂੰ ਸਾਲ 2021-22 ਤੱਕ 122.39 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਸੀ, ਜਿਸ ਵਿੱਚੋਂ 23-05-2022 ਤੱਕ 86.64 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਜਦਕਿ 35.75 ਕਰੋੜ ਰੁਪਏ ਦੀ ਅਦਾਇਗੀ ਬਕਾਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਿੱਲ ਦੇ ਜਨਰਲ ਮੈਨੇਜ਼ਰ ਨੂੰ ਹਦਾਇਤ ਜਾਰੀ ਕਰਨ ਦੇ ਬਾਵਜੂਦ ਅਦਾਇਗੀ ਨਾ ਕਰਨ ਕਰਕੇ ਅਮਨ ਤੇ ਕਾਨੂੰਨ ਦੇ ਵਿਗਾੜ ਦੀ ਸਥਿਤੀ ਪੈਦਾ ਹੋ ਸਕਦੀ ਹੈ। ਸਾਰੰਗਲ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ 14 ਦਿਨ ਦੇ ਅੰਦਰ-ਅੰਦਰ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਨੂੰ ਸ਼ੂਗਰਕੇਨ ਕੰਟਰੋਲ ਆਰਡਰ 1966 ਤਹਿਤ ਤੇ ਜ਼ਰੂਰੀ ਵਸਤਾਂ ਐਕਟ 1955 ਤਹਿਤ 15 ਫੀਸਦੀ ਸਾਲਾਨਾ ਵਿਆਜ ਵੀ ਦੇਣਾ ਹੁੰਦਾ ਹੈ। ਉਨ੍ਹਾਂ ਲਿੱਖਿਆ ਕਿ ਕਾਨੂੰਨੀ ਉਪਬੰਧਾਂ ਅਨੁਸਾਰ ਉਕਤ ਸ਼ੂਗਰ ਮਿੱਲ ਪਾਸੋਂ ਗੰਨੇ ਦੀ ਬਕਾਇਆ ਰਕਮ ਵਿਆਜ ਸਮੇਤ ਰਿਕਵਰ ਕੀਤੀ ਜਾਣੀ ਹੈ ਤਾਂ ਜੋ ਕਿਸਾਨਾਂ ਨੂੰ ਜਲਦ ਤੋਂ ਜਲਦ ਅਦਾਇਗੀ ਕੀਤੀ ਜਾ ਸਕੇ। -PTC News

Related Post